ਪ੍ਰਧਾਨ ਮੰਤਰੀ ਦੇ ਕਾਰਜ ਸ਼ਲਾਘਾਯੋਗ : ਮੁਖਤਿਆਰ ਸੰਧੂ
ਦੇਸ਼ ਦੇ ਪ੍ਰਧਾਨ ਮੰਤਰੀ
Publish Date: Thu, 05 Feb 2026 03:56 PM (IST)
Updated Date: Fri, 06 Feb 2026 04:02 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਦੂਰਅੰਦੇਸ਼ੀ ਸੋਚ ਸਦਕਾ ਦੇਸ਼ ਨੂੰ ਲਗਾਤਾਰ ਵਿਕਾਸ ਵੱਲ ਲਿਜਾ ਰਹੇ ਹਨ ਅਤੇ ਹੁਣ ਉਨ੍ਹਾਂ ਨੇ 27 ਦੇਸ਼ਾਂ ਦੇ ਗਰੁੱਪ ਯੂਰਪੀਅਨ ਯੂਨੀਅਨ ਨਾਲ ਜੋ ਮੁਕਤ ਵਪਾਰ ਸਮਝੌਤੇ ਕੀਤੇ ਹਨ, ਉਹ ਆਪਣੇ ਆਪ ਵਿਚ ਇਕ ਮੀਲਪੱਥਰ ਹਨ ਅਤੇ ਇਨ੍ਹਾਂ ਇਤਿਹਾਸਿਕ ਸਮਝੌਤਿਆਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਂਝੇ ਵਿਕਾਸ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਕੀਤੀ ਹੈ ਜਿਸ ਨਾਲ ਭਾਰਤ ਇਨ੍ਹਾਂ ਸਮਝੌਤਿਆਂ ਨਾਲ ਵਿਕਾਸ ਦੀਆਂ ਹੋਰ ਬੁਲੰਦੀਆਂ ਛੂਹੇਗਾ। ਇਹ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਅਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਸਾਬਕਾ ਐੱਸਪੀ ਮੁਖਤਿਆਰ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਬਹੁਤ ਸਾਰੇ ਉਤਪਾਦਾਂ ਦੇ ਦੂਸਰੇ ਮੁਲਖ਼ਾਂ ਨਾਲ ਅਦਾਨਪ੍ਰਦਾਨ ਕਰਨ ਨਾਲ ਭਾਰਤ ਦੀ ਆਰਥਿਕ ਸਥਿਤੀ ਹੋਰ ਮਜ਼ਬੂਤ ਹੋਵੇਗੀ ਅਤੇ ਭਾਰਤ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਵਿਚ ਆਪਣੀ ਵੱਖਰੀ ਪਹਿਚਾਣ ਬਣਾਏਗਾ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਨਾਲ ਲਗਜ਼ਰੀ ਕਾਰਾਂ ’ਤੇ ਟੈਰਿਫ਼ 110 ਫ਼ੀਸਦੀ ਤੋਂ ਘਟਾ ਕੇ ਕੇਵਲ 10 ਫ਼ੀਸਦੀ ਕਰਨ ਨਾਲ ਹੁਣ ਲਗਜ਼ਰੀ ਕਾਰਾਂ ਦੇ ਰੇਟਾਂ ’ਚ ਕਮੀ ਆਉਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਇਸ ਸਮਝੌਤੇ ਤਹਿਤ ਆਲਿਵ ਆਇਲ, ਮਾਰਜ਼ਰੀਨ, ਵੈਜੀਟੇਬਲ ਆਇਲ, ਵਿਦੇਸ਼ੀ ਸ਼ਰਾਬ, ਬੀਅਰ ਅਤੇ ਆਇਲ, ਮਸ਼ੀਨਰੀ ਅਤੇ ਉਦਯੋਗਿਕ ਸਾਮਾਨ ਦੀਆਂ ਕੀਮਤਾਂ ਵੀ ਭਾਰਤ ਵਿਚ ਘੱਟ ਹੋਣਗੀਆਂ ਜਿਸ ਨਾਲ ਦੇਸ਼ ਦੇ ਲੋਕਾਂ ਨੂੰ ਵੱਡੀ ਰਾਹਤ ਹੀ ਨਹੀਂ ਮਿਲੇਗੀ ਸਗੋਂ ਦੇਸ਼ ਵਿਚ ਮਹਿੰਗਾਈ ਵੀ ਘਟੇਗੀ। ਸੰਧੂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਮੋਗਾ ਰੈਲੀ ਨਾਲ ਪੰਜਾਬ ਵਿਚ ਭਾਜਪਾ ਨੂੰ ਨਵਾਂ ਬਲ ਮਿਲੇਗਾ ਕਿਉਂਕਿ ਮੋਗਾ ਰੈਲੀ ਅਤੇ ਪ੍ਰਧਾਨ ਮੰਤਰੀ ਦੀ ਪੰਜਾਬ ਫ਼ੇਰੀ ਸੂਬੇ ਦੇ ਲੋਕਾਂ ਅਤੇ ਪੰਜਾਬ ਭਾਜਪਾ ਲਈ ਅਹਿਮ ਹੈ।