ਦੌਲੇਵਾਲਾ ਮਾਇਰ ਦੀ ਸੰਗਤ ਵੱਲੋਂ ਲੰਗਰ ਸੇਵਾ ਆਰੰਭ
ਪਿੰਡ ਦੌਲੇਵਾਲਾ ਮਾਇਰ ਦੀ ਸਮੂਹ
Publish Date: Sat, 28 Feb 2026 05:11 PM (IST)
Updated Date: Sun, 01 Mar 2026 04:02 AM (IST)

ਗੁਰਦੇਵ ਮਨੇਸ, ਪੰਜਾਬੀ ਜਗਾਰਣ, ਕੋਟ ਈਸੇ ਖਾਂ: ਪਿੰਡ ਦੌਲੇਵਾਲਾ ਮਾਇਰ ਦੀ ਸਮੂਹ ਸੰਗਤ ਅਤੇ ਨੌਜਵਾਨ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਹੋਲੇ ਮਹੱਲੇ ’ਤੇ ਮਾਝਾ ਖੇਤਰ ਤੋਂ ਆਉਣ ਵਾਲੀ ਸੰਗਤ ਦੀ ਸੇਵਾ ਲਈ ਵਿਸ਼ੇਸ਼ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ। ਇਹ ਸੇਵਾ ਸਿੱਖ ਪਰੰਪਰਾਵਾਂ ਅਤੇ ਮਨੁੱਖਤਾ ਦੀ ਭਲਾਈ ਦੇ ਉੱਚ ਆਦਰਸ਼ਾਂ ਨੂੰ ਧਿਆਨ ਵਿਚ ਰੱਖਦਿਆਂ ਨਿਭਾਈ ਜਾ ਰਹੀ ਹੈ। ਪਿੰਡ ਵਾਸੀਆਂ ਨੇ ਸਾਂਝੇ ਤੌਰ ’ਤੇ ਲੰਗਰ ਦੀ ਪੂਰੀ ਤਿਆਰੀ ਕੀਤੀ ਹੈ, ਜਿਸ ਵਿਚ ਗਰਮ ਗਰਮ ਖਾਣਾ, ਚਾਹ, ਪਾਣੀ ਅਤੇ ਹੋਰ ਜਰੂਰੀ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਦੂਰੋਂ ਪਹੁੰਚ ਰਹੀ ਸੰਗਤ ਲਈ ਠਹਿਰਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਖ਼ਾਸ ਤੌਰ ’ਤੇ ਛੋਟੇ ਬੱਚਿਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਦੁੱਧ ਦੀ ਸੇਵਾ ਵੀ ਕੀਤੀ ਜਾ ਰਹੀ ਹੈ। ਨੌਜਵਾਨਾਂ ਵੱਲੋਂ ਵੱਖ ਵੱਖ ਟੀਮਾਂ ਬਣਾਕੇ ਸੇਵਾ ਸੰਭਾਲੀ ਗਈ ਹੈ, ਜੋ ਦਿਨ ਰਾਤ ਡਿਊਟੀ ਨਿਭਾ ਰਹੇ ਹਨ। ਸੇਵਾਦਾਰ ਪੂਰੇ ਜਜ਼ਬੇ ਨਾਲ ਸੰਗਤ ਦੀ ਸੇਵਾ ਕਰ ਰਹੇ ਹਨ ਅਤੇ ਹਰ ਆਉਣ ਵਾਲੇ ਦਾ ਸਤਿਕਾਰ ਸਹਿਤ ਸਵਾਗਤ ਕੀਤਾ ਜਾ ਰਿਹਾ ਹੈ। ਨਗਰ ਦੀਆਂ ਬੀਬੀਆਂ ਵੱਲੋਂ ਹੋਲੇ ਮਹੱਲੇ ’ਤੇ ਜਾਣ ਵਾਲੀ ਸੰਗਤ ਲਈ ਲੰਗਰ ਪਕਾਉਣ ਦੀ ਹੱਥੀਂ ਸੇਵਾ ਕੀਤੀ ਜਾ ਰਹੀ ਹੈ। ਸੇਵਾਦਾਰ ਗੱਜਨ ਸਿੰਘ ਨੇ ਦੱਸਿਆ ਕਿ ਇਹ ਸੇਵਾ ਕਈ ਸਾਲਾਂ ਤੋਂ ਲਗਾਤਾਰ ਚੱਲਦੀ ਆ ਰਹੀ ਹੈ ਅਤੇ ਹਰ ਵਾਰ ਪਿੰਡ ਵਾਸੀਆਂ ਵੱਲੋਂ ਵੱਡੇ ਉਤਸ਼ਾਹ ਨਾਲ ਨਿਭਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੰਗਰ ਸੇਵਾ ਸਾਡੀ ਸਿੱਖਿਆ, ਸੰਸਕਾਰ ਅਤੇ ਇਕਜੁੱਟਤਾ ਦੀ ਪਹਿਚਾਣ ਹੈ। ਇਸ ਮੌਕੇ ਪਿੰਡ ਦੀ ਸੰਗਤ ਨੇ ਸਮੂਹ ਦਾਨੀ ਸੱਜਣਾਂ ਅਤੇ ਨੌਜਵਾਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਸੇਵਾ ਵਿੱਚ ਯੋਗਦਾਨ ਪਾਇਆ। ਉਨ੍ਹਾਂ ਅਪੀਲ ਕੀਤੀ ਕਿ ਅਜਿਹੀਆਂ ਸੇਵਾਵਾਂ ਰਾਹੀਂ ਸਮਾਜ ਵਿਚ ਪਿਆਰ, ਭਾਈਚਾਰੇ ਅਤੇ ਸਹਿਯੋਗ ਦੀ ਭਾਵਨਾ ਹੋਰ ਮਜ਼ਬੂਤ ਹੁੰਦੀ ਹੈ। ਪਿੰਡ ਦੌਲੇਵਾਲਾ ਮਾਇਰ ਦੀ ਇਹ ਲਗਾਤਾਰ ਸੇਵਾ ਹੋਰਾਂ ਲਈ ਵੀ ਪ੍ਰੇਰਣਾ ਸਰੂਪ ਹੈ ਅਤੇ ਮਨੁੱਖਤਾ ਦੀ ਭਲਾਈ ਲਈ ਵਧੀਆ ਕਦਮ ਹੈ।