ਬਾਲ ਮਜ਼ਦੂਰੀ ਖ਼ਿਲਾਫ਼ ਟਾਸਕ ਫ਼ੋਰਸ ਵੱਲੋਂ ਛਾਪੇਮਾਰੀ
ਜ਼ਿਲ੍ਹਾ ਪੱਧਰੀ ਟਾਸਕ ਫ਼ੋਰਸ ਕਮੇਟੀ
Publish Date: Fri, 06 Feb 2026 04:23 PM (IST)
Updated Date: Sat, 07 Feb 2026 04:02 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟ ਈਸੇ ਖਾਂ : ਜ਼ਿਲ੍ਹਾ ਪੱਧਰੀ ਟਾਸਕ ਫ਼ੋਰਸ ਕਮੇਟੀ ਮੋਗਾ ਦੇ ਮੈਂਬਰਾਂ ਵੱਲੋਂ ਤਹਿਸੀਲ ਧਰਮਕੋਟ ਅਧੀਨ ਪੈਂਦੇ ਕਸਬਾ ਕੋਟ ਈਸੇ ਖਾਂ ਵਿਖੇ ਪੈਨ ਇੰਡੀਆ ਰੈਸਕਿਊ ਐਂਡ ਰਿਹੈਬਿਲੀਟੇਸ਼ਨ ਕੈਂਪੇਨ ਫ਼ਾਰ ਇਰੈਡੀਕੇਸ਼ਨ ਆਫ਼ ਚਾਇਲਡ ਐਂਡ ਐਡੋਲਸੈਂਟ ਲੇਬਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵੱਖ ਵੱਖ ਥਾਵਾਂ ’ਤੇ ਅਚਾਨਕ ਛਾਪੇਮਾਰੀ ਕਰਕੇ 18 ਸਾਲ ਤੋਂ ਘੱਟ ਉਮਰ ਦੇ ਬਾਲ ਅਤੇ ਕਿਸ਼ੋਰ ਕਿਰਤੀਆਂ ਦੀ ਜਾਂਚ ਕੀਤੀ ਗਈ। ਚੈਕਿੰਗ ਦੌਰਾਨ ਮੇਨ ਬਾਜ਼ਾਰ, ਧਰਮਕੋਟ ਰੋਡ, ਅੰਮ੍ਰਿਤਸਰ ਰੋਡ ਅਤੇ ਜ਼ੀਰਾ ਰੋਡ ’ਤੇ ਸਥਿਤ ਦੁਕਾਨਾਂ ਅਤੇ ਹੋਰ ਵਪਾਰਕ ਅਦਾਰਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ। ਇਹ ਕਾਰਵਾਈ ਡੀਸੀ ਮੋਗਾ ਦੇ ਹੁਕਮਾਂ ਅਤੇ ਸਹਾਇਕ ਕਿਰਤ ਕਮਿਸ਼ਨਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤੀ ਗਈ। ਇਸ ਟੀਮ ਵਿਚ ਕਿਰਤ ਇੰਸਪੈਕਟਰ ਹਰਮਨਜੀਤ ਕੌਰ, ਡਾ. ਜਸਬੀਰ ਸਿੰਘ ਢਿੱਲੋਂ, ਜਤਿੰਦਰ ਸੂਦ, ਅਧਿਆਪਿਕਾ ਕਿਰਨ ਲਤਾ, ਵਿਨੋਦ ਕੁਮਾਰ, ਰਮਨਦੀਪ ਕਪਿਲ, ਬਾਲ ਸੁਰੱਖਿਆ ਅਫਸਰ ਸੁਖਵੀਰ ਕੌਰ, ਸੀਡਬਲਿਊਸੀ ਮੈਂਬਰ ਬਲਵਿੰਦਰ ਸਿੰਘ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਐਡਵੋਕੇਟ ਗੁਰਜੀਤ ਸਿੰਘ ਹਾਂਡਾ, ਪੀਐੱਲਵੀ ਸਤਨਾਮ ਸਿੰਘ ਅਤੇ ਏਐੱਸਆਈ ਸਤਨਾਮ ਸਿੰਘ ਆਦਿ ਹਾਜ਼ਰ ਸਨ। ਚੈਕਿੰਗ ਦੌਰਾਨ ਦੋ ਬਾਲ ਕਿਰਤੀ ਗੈਰ ਖ਼ਤਰਨਾਕ ਕਿੱਤਿਆਂ ਵਿਚ ਕੰਮ ਕਰਦੇ ਪਾਏ ਗਏ, ਜਿਨ੍ਹਾਂ ਨੂੰ ਮੌਕੇ ’ਤੇ ਹੀ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ। ਇਸ ਦੌਰਾਨ ਸਬੰਧਤ ਦੁਕਾਨਦਾਰਾਂ ਨੂੰ ਸਖ਼ਤ ਤਾੜਨਾ ਕਰਦਿਆਂ ਭਵਿੱਖ ਵਿਚ ਬਾਲ ਜਾਂ ਕਿਸ਼ੋਰ ਕਿਰਤੀ ਨਾ ਰੱਖਣ ਦੀ ਚੇਤਾਵਨੀ ਦਿੱਤੀ ਗਈ ਅਤੇ ਚਾਇਲਡ ਲੇਬਰ ਐਕਟ ਅਧੀਨ ਸਜ਼ਾ ਅਤੇ ਜੁਰਮਾਨਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਹੋਰ ਦੁਕਾਨਦਾਰਾਂ ਅਤੇ ਵਪਾਰਕ ਅਦਾਰਿਆਂ ਦੇ ਮਾਲਕਾਂ ਨੂੰ ਵੀ ਚਾਇਲਡ ਲੇਬਰ ਕਾਨੂੰਨ ਸਬੰਧੀ ਜਾਗਰੂਕ ਕੀਤਾ ਗਿਆ। ਲੋਕਾਂ ਵਿਚ ਬਾਲ ਮਜ਼ਦੂਰੀ ਖ਼ਿਲਾਫ਼ ਜਾਗਰੂਕਤਾ ਫੈਲਾਉਣ ਲਈ ਨੋ ਚਾਇਲਡ ਲੇਬਰ ਸਬੰਧੀ ਇਕ ਜਾਗਰੂਕਤਾ ਰੈਲੀ ਵੀ ਕੱਢੀ ਗਈ।