ਸੁਖਚੈਨ ਸਿੰਘ ਤੀਜੀ ਵਾਰ ਵਪਾਰ ਮੰਡਲ ਦੇ ਪ੍ਰਧਾਨ ਨਿਯੁਕਤ
ਪੰਜਾਬ ਪ੍ਰਦੇਸ਼ ਵਪਾਰ ਕਵੀਸ਼ਰੀ ਜਥੇ ਨੂੰ ਸਨਮਾਨਿਤ ਕਰਦੇ ਹੋਏ ਸੰਜੀਤ ਸਿੰਘ ਸੰਨੀ ਗਿੱਲ।
Publish Date: Mon, 02 Feb 2026 04:26 PM (IST)
Updated Date: Tue, 03 Feb 2026 04:05 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਪੰਜਾਬ ਪ੍ਰਦੇਸ਼ ਵਪਾਰ ਮੰਡਲ ਨੂੰ ਹੋਰ ਮਜ਼ਬੂਤ ਅਤੇ ਸਰਗਰਮ ਬਣਾਉਣ ਦੇ ਮਕਸਦ ਨਾਲ ਸੂਬਾ ਪ੍ਰਧਾਨ ਅਮਿਤ ਕਪੂਰ ਵੱਲੋਂ ਨਵੀਂ ਸੂਬਾ ਅਤੇ ਜ਼ਿਲ੍ਹਾ ਪੱਧਰੀ ਸੂਚੀ ਜਾਰੀ ਕੀਤੀ ਗਈ। ਇਸ ਸੂਚੀ ਅਨੁਸਾਰ ਨੌਜਵਾਨ ਅਤੇ ਸਰਗਰਮ ਆਗੂ ਸੁਖਚੈਨ ਸਿੰਘ ਰਾਮੂੰਵਾਲੀਆ ਨੂੰ ਲਗਾਤਾਰ ਤੀਜੀਵਾਰ ਪੰਜਾਬ ਪ੍ਰਦੇਸ਼ ਵਪਾਰ ਮੰਡਲ ਮੋਗਾ ਦਾ ਜ਼ਿਲ੍ਹਾ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ। ਇਸ ਨਿਯੁੱਕਤੀ ਨਾਲ ਮੋਗਾ ਦੇ ਵਪਾਰ ਵਰਗ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਮੌਕੇ ਸੂਬਾ ਪ੍ਰਧਾਨ ਅਮਿਤ ਕਪੂਰ ਨੇ ਕਿਹਾ ਕਿ ਵਪਾਰ ਮੰਡਲ ਵਪਾਰੀਆਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਲਗਾਤਾਰ ਉੱਚ ਅਧਿਕਾਰੀਆਂ ਅਤੇ ਕੈਬਨਿਟ ਮੰਤਰੀਆਂ ਨਾਲ ਮੀਟਿੰਗਾਂ ਕਰ ਰਿਹਾ ਹੈ ਤਾਂ ਜੋ ਵਪਾਰ ਵਰਗ ਨੂੰ ਆ ਰਹੀਆਂ ਸਮੱਸਿਆਵਾਂ ਦਾ ਠੋਸ ਅਤੇ ਸਾਰਥਿਕ ਹੱਲ ਕੱਢਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸੁਖਚੈਨ ਸਿੰਘ ਰਾਮੂੰਵਾਲੀਆ ਸਮਾਜ ਵਿਚ ਮਜ਼ਬੂਤ ਪਕੜ ਅਤੇ ਚੰਗੀ ਸੋਚ ਵਾਲੇ ਆਗੂ ਹਨ ਜਿਨ੍ਹਾਂ ਦੀ ਅਗਵਾਈ ਹੇਠ ਮੋਗਾ ਜ਼ਿਲ੍ਹੇ ਦਾ ਵਪਾਰ ਵਰਗ ਲਗਾਤਾਰ ਅੱਗੇ ਵਧ ਰਿਹਾ ਹੈ। ਲਗਾਤਾਰ ਤੀਜੀ ਵਾਰ ਮਿਲੀ ਜ਼ਿੰਮੇਵਾਰੀ ’ਤੇ ਸੁਖਚੈਨ ਸਿੰਘ ਰਾਮੂੰਵਾਲੀਆ ਨੇ ਸੂਬਾ ਪ੍ਰਧਾਨ ਅਮਿਤ ਕਪੂਰ, ਸਟੇਟ ਚੇਅਰਮੈਨ ਕਰਤਾਰ ਜੌੜਾ, ਜਨਰਲ ਸਕੱਤਰ ਕੇਕੇ ਮਹੇਸ਼ਵਰੀ ਅਤੇ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੱਥੇਬੰਦੀ ਵੱਲੋਂ ਉਨ੍ਹਾਂ ’ਤੇ ਜਤਾਏ ਗਏ ਭਰੋਸੇ ਨੂੰ ਉਹ ਪੂਰੀ ਤਨਦੇਹੀ ਨਾਲ ਕਾਇਮ ਰੱਖਣਗੇ। ਉਨ੍ਹਾਂ ਨੇ ਦੱਸਿਆ ਕਿ ਦਿੱਤੀ ਗਈ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਸਮਰਪਣ ਭਾਵ ਨਾਲ ਨਿਭਾਇਆ ਜਾਵੇਗਾ ਅਤੇ ਜੱਥੇਬੰਦੀ ਦੇ ਲੋਕਹਿਤੂ ਫ਼ੈਂਸਲਿਆਂ ਨੂੰ ਘਰਘਰ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਪੰਜਾਬ ਪ੍ਰਦੇਸ਼ ਵਪਾਰ ਮੰਡਲ ਇਕ ਗੈਰਰਾਜਨੀਤਕ ਸੰਸਥਾ ਹੈ, ਜਿਸ ਦਾ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਕੋਈ ਲੈਣਾਦੇਣਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਮੂਹ ਵਪਾਰ ਵਰਗ ਨਾਲ ਸਬੰਧਤ ਸਾਥੀਆਂ ਨੂੰ ਇਕ ਮੰਚ ’ਤੇ ਇਕੱਠਾ ਕਰਕੇ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕੱਢਣ ਲਈ ਸਿਰਤੋੜ ਯਤਨ ਕੀਤੇ ਜਾਣਗੇ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਜਲਦੀ ਹੀ ਸੂਬਾ ਪੱਧਰੀ ਟੀਮ ਨਾਲ ਸਲਾਹ ਮਸ਼ਵਰਾ ਕਰਕੇ ਨਵੀਆਂ ਨਿਯੁੱਕਤੀਆਂ ਵੀ ਕੀਤੀਆਂ ਜਾਣਗੀਆਂ।