ਮੋਬਾਈਲ ਫ਼ੋਨ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਜਾਗਰੂਕ
ਸਥਾਨਕ ਹੌਲੀ ਹਾਰਟ ਕਾਨਵੈਂਟ ਸਕੂਲ
Publish Date: Wed, 08 Apr 2026 03:24 PM (IST)
Updated Date: Thu, 09 Apr 2026 03:59 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ: ਸਥਾਨਕ ਹੌਲੀ ਹਾਰਟ ਕਾਨਵੈਂਟ ਸਕੂਲ ਮੋਗਾ ਵਿਖੇ ਵਿਦਿਆਰਥੀਆਂ ਨੂੰ ਮੋਬਾਈਲ ਫ਼ੋਨ ਦੀ ਵਧ ਰਹੀ ਵਰਤੋਂ ਦੇ ਨੁਕਸਾਨਾਂ ਤੋਂ ਜਾਣੂੰ ਕਰਵਾਉਣ ਲਈ ਇਕ ਵਿਸ਼ੇਸ਼ ਗਤੀਵਿਧੀ ਕਰਵਾਈ ਗਈ, ਜਿਸ ਦਾ ਮੁੱਖ ਉਦੇਸ਼ ਬੱਚਿਆਂ ਨੂੰ ਤਕਨਾਲੌਜੀ ਦੇ ਜਾਲ ’ਚੋਂ ਕੱਢ ਕੇ ਪੜ੍ਹਾਈ ਅਤੇ ਨੈਤਿਕ ਕਦਰਾਂ-ਕੀਮਤਾਂ ਵੱਲ ਪ੍ਰੇਰਿਤ ਕਰਨਾ ਸੀ। ਇਸ ਦੌਰਾਨ ਅਧਿਆਪਕਾਂ ਨੇ ਵੱਖ-ਵੱਖ ਰੋਲ-ਪਲੇਅ ਅਤੇ ਪ੍ਰਦਰਸ਼ਨਾਂ ਰਾਹੀਂ ਬੱਚਿਆਂ ਨੂੰ ਸਮਝਾਇਆ ਕਿ ਮੋਬਾਈਲ ਦੀ ਜ਼ਿਆਦਾ ਵਰਤੋਂ ਕਿਵੇਂ ਉਨ੍ਹਾਂ ਦੀ ਸਿਹਤ ਅਤੇ ਮਾਨਸਿਕ ਵਿਕਾਸ ਲਈ ਘਾਤਕ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਮੋਬਾਈਲ ਦੀ ਜ਼ਿਆਦਾ ਵਰਤੋਂ ਨਾਲ ਅੱਖਾਂ ਦੀ ਰੌਸ਼ਨੀ ਘਟਣਾ, ਨੀਂਦ ਦੀ ਕਮੀ ਅਤੇ ਇਕਾਗਰਤਾ ਵਿਚ ਗਿਰਾਵਟ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਅਸਲ ਗਿਆਨ ਕਿਤਾਬਾਂ ਅਤੇ ਸਖ਼ਤ ਮਿਹਨਤ ਨਾਲ ਮਿਲਦਾ ਹੈ, ਜੋ ਕਿ ਜੀਵਨ ਵਿਚ ਤਰੱਕੀ ਦਾ ਇਕੋ-ਇਕ ਰਸਤਾ ਹੈ। ਸਾਨੂੰ ਮੋਬਾਇਲ ਫ਼ੋਨ ਛੱਡ ਕੇ ਖੇਡਾਂ ਵੱਲ ਧਿਆਨ ਦੇਣ ਦੀ ਲੋੜ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨੇ ਵੀ ਬੱਚਿਆਂ ਨੂੰ ਮੋਬਾਇਲ ਫ਼ੋਨ ਦੀ ਵਰਤੋਂ ਨਾ ਕਰਦੇ ਹੋਏ ਪੜ੍ਹਾਈ ਤੇ ਖੇਡਾਂ ਵੱਲ ਧਿਆਨ ਕੇਂਦਰਿਤ ਕਰਨ ਲਈ ਕਿਹਾ। ਇਸ ਮੌਕੇ ਸਕੂਲ ਸਟਾਫ਼ ਮੈਂਬਰ ਤੇ ਬੱਚੇ ਹਾਜ਼ਰ ਸਨ।