ਵਿਦਿਆਰਥੀਆਂ ਨੇ ਸ਼ਬਦ ਗਾਇਨ ਮੁਕਾਬਲੇ ’ਚ ਲਿਆ ਹਿੱਸਾ
ਡੀਸੀ ਸਾਗਰ ਸੇਤੀਆ ਅਤੇ ਜ਼ਿਲ੍ਹਾ ਸਿੱਖਿਆ
Publish Date: Thu, 05 Feb 2026 04:25 PM (IST)
Updated Date: Fri, 06 Feb 2026 04:03 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਡੀਸੀ ਸਾਗਰ ਸੇਤੀਆ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਅਸ਼ੀਸ਼ ਕੁਮਾਰ ਸ਼ਰਮਾ (ਸੈਕੰ) ਮੋਗਾ ਅਤੇ ਡਿਪਟੀ ਡੀਈਓ ਗੁਰਦਿਆਲ ਸਿੰਘ ਮਠਾੜੂ ਦੀ ਅਗਵਾਈ ਵਿਚ ਪੰਜਾਬ ਦੇ ਸੱਭਿਆਚਾਰ ਅਤੇ ਵਿਰਸੇ ਨੂੰ ਪ੍ਰਫੁੱਲਿਤ ਕਰਨ ਲਈ ਜਿਲ੍ਹਾ ਮੋਗਾ ਦੇ ਅੱਪਰ ਪ੍ਰਾਇਮਰੀ ਸਰਕਾਰੀ ਏਡਡ ਅਤੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਟੇਲੈਂਟ ਹੰਟ-2025 ਤਹਿਤ ਜ਼ਿਲ੍ਹਾ ਪੱਧਰੀ ਸੱਭਿਆਚਾਰਕ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਆਰਕੇਐੱਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰ ਤੇ ਸੈਕੰਡਰੀ ਵਰਗ ‘ਸ਼ਬਦ ਗਾਇਨ’ ਮੁਕਾਬਲੇ ਵਿਚ ਹਿੱਸਾ ਲਿਆ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਪੰਜਾਬ ਦੇ ਅਮੀਰ ਵਿਰਸੇ ਨਾਲ ਜਾਣੂ ਕਰਵਾਉਣਾ ਅਤੇ ਵਿਦਿਆਰਥੀਆਂ ਵਿਚ ਪਹਿਲਾਂ ਤੋਂ ਮੌਜੂਦ ਹੁਨਰ ਨੂੰ ਨਿਖਾਰਨਾ ਹੈ। ਸੈਕੰਡਰੀ ਵਰਗ ਸ਼ਬਦ ਗਾਇਨ ਵਿਚ ਆਸਵੀਰ ਕੌਰ, ਅਮੀਤੌਜ ਕੌਰ, ਗਿਤਿਕਾ ਨੇ ‘ਸਤਿਗੁਰ ਆਇਓ ਸਰਣਿ ਤੁਹਾਰੀ‘ ਸ਼ਬਦ ਗਾਇਨ ਕੀਤਾ ਅਤੇ ਤਰਨਜੋਤ ਸਿੰਘ ਨੇ ਤਬਲਾ ਵਾਦਕ ਦੀ ਭੂਮਿਕਾ ਨਿਭਾਈ। ਸਾਰੇ ਹੀ ਵਿਦਿਆਰਥੀਆਂ ਨੇ ਬਹੁਤ ਵਧੀਆ ਢੰਗ ਨਾਲ ਸਿੱਖੀ ਮਰਿਆਦਾ ਸਹਿਤ ਪ੍ਰਦਰਸ਼ਨ ਕੀਤਾ ਅਤੇ ਜਿਲ੍ਹਾ ਪੱਧਰ ਤੇ ਦੂਸਰਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਟਰਾਫੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਬੱਚਿਆਂ ਨੂੰ ਨਕਦ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ ਗਿਆ। ਇਹ ਮਾਤਾ-ਪਿਤਾ ਸਕੂਲ ਅਤੇ ਅਧਿਆਪਕਾਂ ਲਈ ਬੜੇ ਮਾਣ ਵਾਲੀ ਗੱਲ ਹੈ। ਸਕੂਲ ਦੀ ’ਸ਼ਬਦ ਗਾਇਨ’ ਵਿਚ ਜੈਤੂ ਰਹੀ ਟੀਮ ਦੀ ਅਗਵਾਈ ਅਧਿਆਪਕਾ ਰੁਪਿੰਦਰ ਕੌਰ ਤੇ ਸੰਗੀਤ ਅਧਿਆਪਕਾ ਨੇਹਾ ਗੁਪਤਾ ਨੇ ਕੀਤੀ। ਸਕੂਲ ਪ੍ਰਿੰਸੀਪਲ ਰਜਨੀ ਅਰੋੜਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹੋ ਜਿਹੇ ਧਾਰਮਿਕ ਸਮਾਗਮਾਂ ਦੀ ਸਾਡੇ ਅੱਜ ਦੇ ਸਮਾਜ ਵਿਚ ਬਹੁਤ ਜ਼ਰੂਰਤ ਹੈ ਤਾਂ ਜੋ ਨਵੀਂ ਪੀੜੀ ਨੂੰ ਸਹੀ ਸੇਧ ਮਿਲ ਸਕੇ ਅਤੇ ਬੱਚਿਆਂ ਵਿਚ ਧਾਰਮਿਕ ਤੇ ਸਦਾਚਾਰਿਕ ਗੁਣ ਪੈਦਾ ਹੋ ਸਕਣ।