ਸਰਕਾਰੀ ਸਕੂਲ ਸਮਾਧ ਭਾਈ ਦੀਆਂ ਵਿਦਿਆਰਥਣਾਂ ਨੇ ਰਚਿਆ ਇਤਿਹਾਸ
ਖੋਖੋ ਸਬਜੂਨੀਅਰ ਨੈਸ਼ਨਲ
Publish Date: Wed, 28 Jan 2026 04:01 PM (IST)
Updated Date: Thu, 29 Jan 2026 04:01 AM (IST)

ਖੋ-ਖੋ ’ਚ ਨੈਸ਼ਨਲ ਪੱਧਰ ’ਤੇ ਜਿੱਤਿਆ ਗੋਲਡ ਮੈਲਡ ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ : ਖੋਖੋ ਸਬਜੂਨੀਅਰ ਨੈਸ਼ਨਲ ਚੈਂਪੀਅਨਸ਼ਿੱਪ ਜੋ ਕਿ ਖੋਖੋ ਫੈੱਡਰੇਸ਼ਨ ਆਫ ਇੰਡੀਆ ਵੱਲੋਂ ਮਿਤੀ 10 ਤੋਂ 14 ਜਨਵਰੀ 2026 ਨੂੰ ਸੂਰਤ ਗੁਜਰਾਤ ਵਿਖੇ ਕਰਵਾਈ ਗਈ। ਇਸ ਨੈਸ਼ਨਲ ਪੱਧਰੀ ਚੈਂਪੀਅਨਸ਼ਿੱਪ ਵਿਚ ਪੰਜਾਬ ਸੂਬੇ ਵੱਲੋਂ ਖੇਡਦਿਆਂ ਸ਼ਹੀਦ ਤੇਜਾ ਸਿੰਘ ਸਸਸ ਸਕੂਲ ਸਮਾਧ ਭਾਈ ਦੀਆਂ ਵਿਦਿਆਰਥਣਾਂ ਨੇ ਗੋਲ਼ਡ ਮੈਡਲ ਪ੍ਰਾਪਤ ਕਰਕੇ ਵੱਡੀ ਮੱਲ ਮਾਰ ਦਿਖਾਈ ਹੈ। ਪੰਜਾਬ ਦੀ ਟੀਮ ਵਿਚ ਇਸ ਸਕੂਲ ਦੀਆਂ ਖੁਸ਼ਪ੍ਰੀਤ ਕੌਰ ਕਪਤਾਨ, ਮਨਦੀਪ ਕੌਰ, ਮਨਜੋਤ ਕੌਰ, ਸਿਮਰਨ ਕੌਰ, ਸੁਖਮਨੀ ਕੌਰ ਅਤੇ ਲਵਦੀਪ ਕੌਰ ਆਦਿ ਛੇ ਖਿਡਾਰਨਾਂ ਨੇ ਭਾਗ ਲਿਆ ਅਤੇ ਆਪਣੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਸਦਕਾ ਜਿੱਤ ਹਾਸਿਲ ਕੀਤੀ। ਇਸ ਚੈਂਪੀਅਨਸ਼ਿੱਪ ਵਿਚ ਭਾਰਤ ਦੀਆਂ ਲਗਭਗ ਸਾਰੀਆਂ ਸਟੇਟਾਂ ਨੇ ਭਾਗ ਲਿਆ ਅਤੇ ਪੰਜਾਬ ਨੇ ਲੀਗ ਮੈਚਾਂ ਨੂੰ ਜਿੱਤਦਿਆਂ ਅੰਤ ਮਹਾਂਰਾਸ਼ਟਰ ਨੂੰ ਫ਼ਾਈਨਲ ਮੈਚ ਵਿਚ ਕਰਾਰੀ ਮਾਤ ਦੇ ਕੇ ਸੋਨ ਤਗ਼ਮਾ ਆਪਣੇ ਨਾਂਅ ਕੀਤਾ। ਜ਼ਿਕਰਯੋਗ ਹੈ ਕਿ ਇਸ ਸਕੂਲ ਦੀ ਹੋਣਹਾਰ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਦੀ ਟੀਮ ਦੀ ਸੁਯੋਗ ਕਪਤਾਨ ਵਜੋਂ ਅਗਵਾਈ ਕੀਤੀ ਅਤੇ ਇਸ ਸਾਲ ਬੈਸਟ ਖਿਡਾਰਨ ਦਾ ਖ਼ਿਤਾਬ ਹਾਸਿਲ ਕੀਤਾ।ਸਕੂਲ ਦੀ ਇਸ ਮਾਣਮੱਤੀ ਪ੍ਰਾਪਤੀ ਸਦਕਾ ਪੂਰੇ ਇਲਾਕੇ ਵਿਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਹੈ। ਪਿੰਡ ਵਾਪਸ ਪਰਤਣ ’ਤੇ ਸਮੂਹ ਪਤਵੰਤਿਆਂ, ਸਮੁੱਚੀ ਸਕੂਲ ਮੈਨੇਜਮੈਂਟ ਕਮੇਟੀ ਅਤੇ ਸਮੁੱਚੇ ਸਕੂਲ ਸਟਾਫ਼ ਵੱਲੋਂ ਖਿਡਾਰਨਾਂ ਅਤੇ ਸਿਰੜੀ ਤੇ ਮਿਹਨਤੀ ਕੋਚ ਜਸਵਿੰਦਰ ਸਿੰਘ ਭੋਡੀਪੁਰਾ ਦਾ ਨਿੱਘਾ ਸਵਾਗਤ ਕੀਤਾ ਗਿਆ। ਖਿਡਾਰਨਾਂ ਅਤੇ ਕੋਚ ਦੇ ਗਲ਼ਾਂ ਵਿਚ ਫੁੱਲ ਮਾਲ਼ਾਵਾਂ ਪਾ ਕੇ ਢੋਲ ਦੇ ਨਾਲ਼ ਸਾਰੇ ਪਿੰਡ ਵਿਚ ਚੱਕਰ ਵੀ ਲਗਾਇਆ ਗਿਆ। ਇਸ ਮੌਕੇ ਖੁਸ਼ੀ ਸਾਂਝੀ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਸ਼ਾਨਾਮੱਤੀ ਪ੍ਰਾਪਤੀ ਦਾ ਸਿਹਰਾ ਸਮੂਹ ਖਿਡਾਰਨਾਂ, ਕੋਚ ਜਸਵਿੰਦਰ ਸਿੰਘ ਦੀ ਸਖ਼ਤ ਮਿਹਨਤ ਅਤੇ ਸਮੂਹ ਸਹਿਯੋਗੀਆਂ ਨੂੰ ਜਾਂਦਾ ਹੈ। ਜਿਨ੍ਹਾਂ ਨੇ ਲੰਮੇ ਸਮੇਂ ਤੋਂ ਦਿਨਰਾਤ ਇਕ ਕਰਦਿਆਂ ਖ਼ੁਦ ਨੂੰ ਮਿਹਨਤ ਦੀ ਕੁਠਾਲ਼ੀ ਵਿਚ ਢਾਲ ਕੇ ਸੋਨ ਤਗ਼ਮੇ ਦਾ ਰੂਪ ਦੇ ਦਿੱਤਾ ਨਾਲ਼ ਹੀ, ਉਨ੍ਹਾਂ ਪਿੰਡ ਦੇ ਸਮੂਹ ਪਤਵੰਤਿਆਂ, ਐਨਆਰਆਈ ਵੀਰਾਂ ਤੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਵੀ ਕੀਤਾ ਜੋ ਸਿਰਫ਼ ਖੇਡਾਂ ਹੀ ਨਹੀਂ ਪੜ੍ਹਾਈ ਅਤੇ ਹੋਰ ਵਿਕਾਸ ਕਾਰਜਾਂ ਵਿਚ ਵੀ ਹਰ ਹੀਲੇ ਸਹਿਯੋਗ ਕਰਦੇ ਹਨ। ਜਿਸ ਸਦਕਾ ਸਰਕਾਰੀ ਸਕੂਲ ਸਮਾਧਭਾਈ ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਦੇ ਰੂਪ ਵਿਚ ਉੱਭਰਿਆ ਹੈ। ਇਸ ਸਵਾਗਤੀ ਸਮਾਰੋਹ ਵਿਚ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਕਮਲਜੀਤ ਸਿੰਘ, ਸਾਬਕਾ ਚੇਅਰਮੈਨ ਜਸਵਿੰਦਰ ਸਿੰਘ ਕਿੰਗਰਾ, ਰਛਪਾਲ ਸਿੰਘ ਬਾਗੜੀ, ਅਮਨਦੀਪ ਸਿੰਘ ਢਿੱਲੋਂ, ਸਮੂਹ ਸਕੂਲ ਮੈਨੇਜਮੈਂਟ ਕਮੇਟੀ, ਖਿਡਾਰਨਾਂ ਦੇ ਮਾਪੇ ਅਤੇ ਸਮੂਹ ਸਕੂਲ ਸਟਾਫ਼ ਹਾਜ਼ਰ ਸਨ।