ਮਿਡ ਡੇਅ ਮੀਲ ਕਾਮਿਆਂ ਨੇ ਸੌਂਪਿਆ ਮੰਗ ਪੱਤਰ
ਮਿੱਡ ਡੇ ਮੀਲ ਕੁੱਕਾਂ ਦੀਆਂ
Publish Date: Mon, 02 Feb 2026 03:59 PM (IST)
Updated Date: Tue, 03 Feb 2026 04:02 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਮਿੱਡ ਡੇ ਮੀਲ ਕੁੱਕਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਭਰ ਵਿਚ ਨਾਰਾਜ਼ਗੀ ਲਗਾਤਾਰ ਵਧਦੀ ਜਾ ਰਹੀ ਹੈ। ਇਸੇ ਕੜੀ ਤਹਿਤ ਮਿੱਡ ਡੇ ਮੀਲ ਕੁੱਕਾਂ ਦੇ ਇਕ ਵਫ਼ਦ ਵੱਲੋਂ ਜਨਰਲ ਮੈਨੇਜਰ, ਮਿੱਡ ਡੇ ਮੀਲ ਸੁਸਾਇਟੀ ਪੰਜਾਬ, ਚੰਡੀਗੜ੍ਹ ਨੂੰ ਆਪਣੀਆਂ ਮੰਗਾਂ ਸਬੰਧੀ ਵਿਸਥਾਰਪੂਰਕ ਮੰਗ ਪੱਤਰ ਸੌਂਪਿਆ ਗਿਆ। ਵਫ਼ਦ ਦੀ ਅਗਵਾਈ ਕਰਦੇ ਹੋਏ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਨੇ ਮਿੱਡ ਡੇ ਮੀਲ ਕੁੱਕਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਗੰਭੀਰਤਾ ਨਾਲ ਅਧਿਕਾਰੀਆਂ ਦੇ ਸਾਹਮਣੇ ਰੱਖਿਆ ਇਸ ਮੌਕੇ ਕਰਮਚੰਦ ਚਿੰਡਾਲੀਆ ਨੇ ਦੱਸਿਆ ਕਿ ਮਿੱਡ ਡੇ ਮੀਲ ਕੁੱਕਾਂ ਵੱਲੋਂ ਕਈ ਵਾਰ ਉੱਚ ਅਧਿਕਾਰੀਆਂ ਅਤੇ ਵਿੱਤ ਮੰਤਰੀ ਨਾਲ ਡੈਪੂਟੇਸ਼ਨ ਮੀਟਿੰਗਾਂ ਕੀਤੀਆਂ ਗਈਆਂ ਹਨ ਪਰ ਅਜੇ ਤੱਕ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਕੁੱਕਾਂ ਵੱਲੋਂ ਹਰਿਆਣਾ ਦੇ ਕੁੱਕਾਂ ਦੇ ਬਰਾਬਰ ਘੱਟੋਘੱਟ 7000 ਰੁਪਏ ਮਹੀਨਾ ਤਨਖ਼ਾਹ ਦੀ ਮੰਗ ਕੀਤੀ ਜਾ ਰਹੀ ਹੈ ਪਰ ਸਰਕਾਰ ਵੱਲੋਂ ਸਿਰਫ਼ ਭਰੋਸੇ ਦੇ ਕੇ ਗੱਲ ਨੂੰ ਟਾਲਿਆ ਜਾ ਰਿਹਾ ਹੈ। ਸੂਬਾ ਪ੍ਰਧਾਨ ਨੇ ਕਿਹਾ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੇਜਰੀਵਾਲ ਸਾਹਿਬ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੀ ਜਨਤਾ ਨੂੰ 14 ਗਰੰਟੀਆਂ ਦਿੱਤੀਆਂ ਗਈਆਂ ਸਨ। ਅੱਜ ਪੈਨਸ਼ਨਾਂ ਵਿਚ ਵਾਧਾ ਅਤੇ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਮਿੱਡਡੇਮੀਲ ਕੁੱਕਾਂ ਲਈ ਦੁੱਗਣੀ ਤਨਖ਼ਾਹ ਕਰਨ ਦੀ ਗਰੰਟੀ ਨੂੰ ਅਜੇ ਤੱਕ ਭੁਲਾ ਦਿੱਤਾ ਗਿਆ ਹੈ। ਉਨ੍ਹਾਂ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਨਾ ਤਾਂ ਸਰਕਾਰ ਅਤੇ ਨਾ ਹੀ ਮੀਡੀਆ ਵੱਲੋਂ ਕੁੱਕਾਂ ਦੀ ਇਸ ਗੰਭੀਰ ਮੰਗ ਨੂੰ ਢੰਗ ਨਾਲ ਉਭਾਰਿਆ ਜਾ ਰਿਹਾ ਹੈ। ਕਰਮਚੰਦ ਚਿੰਡਾਲੀਆ ਨੇ ਮੈਨੇਜਰ ਮਿੱਡ ਡੇ ਮੀਲ ਸੁਸਾਇਟੀ ਵਰਿੰਦਰ ਸਿੰਘ ਬਰਾੜ ਨੂੰ ਮੰਗ ਕੀਤੀ ਕਿ ਉੱਚਅਧਿਕਾਰੀਆਂ ਨਾਲ ਜਲਦੀ ਮੀਟਿੰਗ ਕਰਵਾਈ ਜਾਵੇ। ਇਸ ਉਪਰੰਤ ਬਰਾੜ ਸਾਹਿਬ ਵੱਲੋਂ 5 ਫ਼ਰਵਰੀ 2026 ਦਿਨ ਵੀਰਵਾਰ ਨੂੰ ਸੈਕਟਰੀ ਸਿੱਖਿਆ ਵਿਭਾਗ ਨਾਲ ਮੀਟਿੰਗ ਤੈਅ ਕਰਨ ਸਬੰਧੀ ਪੱਤਰ ਜਾਰੀ ਕੀਤਾ ਗਿਆ। ਮੀਟਿੰਗ ਮਿਨੀ ਸੈਕਟਰੀਏਟ, ਕਮਰਾ ਨੰਬਰ 326, ਤੀਸਰੀ ਮੰਜ਼ਿਲ ’ਤੇ ਸ਼ਾਮ 3:00 ਵਜੇ ਹੋਵੇਗੀ। ਸੂਬਾ ਪ੍ਰਧਾਨ ਨੇ ਆਸ ਜਾਹਿਰ ਕੀਤੀ ਕਿ ਇਸ ਅਹਿਮ ਮੀਟਿੰਗ ਦੌਰਾਨ ਮਿੱਡ ਡੇ ਮੀਲ ਕੁੱਕਾਂ ਦੀ ਤਨਖਾਹ ਵਿਚ ਵਾਧੇ ਸਬੰਧੀ ਕੋਈ ਸਕਾਰਾਤਮਿਕ ਫ਼ੈਸਲਾ ਲਿਆ ਜਾਵੇਗਾ। ਇਸ ਮੌਕੇ ਹੋਈ ਡੈਪੂਟੇਸ਼ਨ ਵਿਚ ਨਰਿੰਦਰ ਕੁਮਾਰ ਚੈਅਰਮੈਨ, ਸੁਖਦੇਵ ਸਿੰਘ ਪ੍ਰਧਾਨ, ਕਿਰਨ ਬਾਲਾ ਅਤੇ ਹਰਪਾਲ ਕੌਰ, ਹਰਜਿੰਦਰ ਕੌਰ ਸਮੇਤ ਹੋਰ ਆਗੂ ਹਾਜ਼ਰ ਸਨ।