- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਉੱਤੇ

* ਮਾਨ ਸਰਕਾਰ ਖ਼ਿਲਾਫ਼ ਗੁੱਸਾ, ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤੇਜ਼ ਕਰਨ ਦੀ ਚਿਤਾਵਨੀ
* ਪਿੰਡ ਲੋਹਗੜ੍ਹ ਸੀਲ, ਗੁਰਦੁਆਰਾ ਸਾਹਿਬ ਦੇ ਬਾਹਰ ਨਾਕਾਬੰਦੀ, ਕਿਸਾਨਾਂ ਨੂੰ ਰੈਲੀ ਤੱਕ ਪਹੁੰਚਣ ਤੋਂ ਰੋਕਿਆ
* ਧਰਮਕੋਟ ਰੈਲੀ ਦਾ ਵੱਡੀ ਗਿਣਤੀ ’ਚ ਕਿਸਾਨ ਤੇ ਮਜ਼ਦੂਰ ਵਿਰੋਧ ਕਰਦੇ ਹੋਏ।
ਵਕੀਲ ਮਹਿਰੋਂ, ਪੰਜਾਬੀ ਜਾਗਰਣ
ਮੋਗਾ : ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਅੱਜ ਸੈਂਕੜੇ ਕਿਸਾਨਾਂ ਤੇ ਮਜ਼ਦੂਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮਕੋਟ ’ਚ ਹੋਣ ਵਾਲੀ ਰੈਲੀ ਦਾ ਤਿੱਖਾ ਵਿਰੋਧ ਕੀਤਾ। ਪ੍ਰਸ਼ਾਸਨ ਤੇ ਕਿਸਾਨਾਂ ਵਿਚਕਾਰ ਸਾਰਾ ਦਿਨ ਤਣਾਅਪੂਰਨ ਹਾਲਾਤ ਬਣੇ ਰਹੇ ਤੇ ਕਈ ਵਾਰ ਟੱਕਰਾਂ ਹੋਈਆਂ। ਇਸ ਦੌਰਾਨ ਪੁਲਿਸ ਵੱਲੋਂ ਰੋਕਥਾਮੀ ਕਾਰਵਾਈ ਕੀਤੀ ਗਈ, ਜਦਕਿ ਕਿਸਾਨਾਂ ਨੇ ਵੀ ਡਟ ਕੇ ਮੁਕਾਬਲਾ ਕੀਤਾ।
ਕਿਸਾਨਾਂ ਦਾ ਇਹ ਇਕੱਠ ਧਰਮਕੋਟ ਤੋਂ ਲਗਭਗ ਦੋ ਕਿਲੋਮੀਟਰ ਦੂਰ ਪਿੰਡ ਲੋਹਗੜ੍ਹ ਦੇ ਗੁਰਦੁਆਰਾ ਸਾਹਿਬ ’ਚ ਕੀਤਾ ਗਿਆ ਸੀ, ਜਿੱਥੋਂ ਉਹ ਰੈਲੀ ਵੱਲ ਕੂਚ ਕਰ ਕੇ ਮੁੱਖ ਮੰਤਰੀ ਤੋਂ ਆਪਣੇ ਸਵਾਲਾਂ ਦੇ ਜਵਾਬ ਲੈਣਾ ਚਾਹੁੰਦੇ ਸਨ ਪਰ ਪ੍ਰਸ਼ਾਸਨ ਨੇ ਪਹਿਲਾਂ ਹੀ ਸਖ਼ਤ ਤਿਆਰੀ ਕਰ ਰੱਖੀ ਸੀ। ਗੁਰਦੁਆਰਾ ਸਾਹਿਬ ਦੇ ਬਾਹਰ ਪੁਲਿਸ ਵੱਲੋਂ ਨਾਕੇ ਲਗਾ ਦਿੱਤੇ ਗਏ ਤੇ ਪਿੰਡ ਦੀਆਂ ਮੁੱਖ ਗਲੀਆਂ ’ਚ ਬੱਸਾਂ ਟੇਢੀਆਂ ਖੜ੍ਹੀਆਂ ਕਰ ਕੇ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ। ਸਵੇਰੇ ਜਦੋਂ ਕਿਸਾਨ ਆਗੂ ਸਤਨਾਮ ਸਿੰਘ ਪੰਨੂ, ਰਾਣਾ ਰਣਬੀਰ ਸਿੰਘ ਠੱਠਾ, ਲਖਵੀਰ ਸਿੰਘ ਦੋਧਰ ਤੇ ਇੰਦਰਜੀਤ ਸਿੰਘ ਕੱਲੀ ਵਾਲਾ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੇ ਤੇ ਧਰਮਕੋਟ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਜ਼ਬਰਦਸਤ ਕਾਰਵਾਈ ਕੀਤੀ। ਇਸ ਦੌਰਾਨ ਧੱਕਾਮੁੱਕੀ ਤੇ ਖਿੱਚੋਤਾਣ ਦੇ ਦ੍ਰਿਸ਼ ਵੇਖਣ ਨੂੰ ਮਿਲੇ।
ਕਿਸਾਨਾਂ ਤੇ ਪੁਲਿਸ ਵਿਚਾਲੇ ਤਿੰਨ ਵਾਰ ਤਿੱਖੀਆਂ ਮੁੱਠਭੇੜਾਂ ਹੋਈਆਂ
ਇਸ ਮੌਕੇ ਕਿਸਾਨ ਆਗੂ ਸਤਨਾਮ ਸਿੰਘ ਪੰਨੂ, ਰਾਣਾ ਰਣਬੀਰ ਸਿੰਘ ਠੱਠਾ ਨੇ ਦੱਸਿਆ ਕਿ ਪੁਲਿਸ ਵੱਲੋਂ ਇਕ ਵਾਹਨ ਦਾ ਟਾਇਰ ਪੰਚਰ ਕੀਤਾ ਗਿਆ ਤੇ ਮੋਰਚੇ ਦੇ ਸਾਊਂਡ ਸਿਸਟਮ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਇਸ ਦੇ ਬਾਵਜੂਦ ਕਿਸਾਨ ਅੱਗੇ ਵਧਣ ਲਈ ਡਟੇ ਰਹੇ, ਪਰ ਤੰਗ ਗਲੀਆਂ ’ਚ ਖੜ੍ਹੀਆਂ ਬੱਸਾਂ ਕਾਰਨ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਪਿਛਲੇ ਦੋ ਮਹੀਨਿਆਂ ’ਚ ਪੰਜ ਵਾਰ ਲਿਖਤੀ ਰੂਪ ’ਚ ਮੀਟਿੰਗਾਂ ਦਾ ਸਮਾਂ ਦੇ ਕੇ ਵੀ ਗੱਲਬਾਤ ਤੋਂ ਮੁੱਕਰ ਚੁੱਕੀ ਹੈ। 17 ਮਾਰਚ ਨੂੰ ਮੁੱਖ ਮੰਤਰੀ ਦੇ ਨਿਵਾਸ ’ਤੇ ਤਹਿ ਕੀਤੀ ਗਈ ਮੀਟਿੰਗ ਵੀ ਨਹੀਂ ਹੋ ਸਕੀ, ਜਿਸ ਨਾਲ ਕਿਸਾਨਾਂ ’ਚ ਨਾਰਾਜ਼ਗੀ ਹੋਰ ਵਧ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਪਿੰਡਾਂ ’ਚ ਜਾ ਕੇ ਲੋਕਾਂ ਨੂੰ ਸਵਾਲ ਪੁੱਛਣ ਲਈ ਕਹਿੰਦੇ ਸਨ ਪਰ ਹੁਣ ਉਹ ਖੁਦ ਹੀ ਜਵਾਬ ਦੇਣ ਤੋਂ ਕੱਤਰ ਰਹੇ ਹਨ। ਆਗੂਆਂ ਨੇ ਕਿਹਾ ਕਿ ਸਰਕਾਰ ਪਿੰਡਾਂ ’ਚ ਲੋਕਤੰਤਰ ਮਾਹੌਲ ਬਣਾਉਣ ਦੀ ਥਾਂ ਪੁਲਿਸ ਰਾਹੀਂ ਦਹਿਸ਼ਤ ਫੈਲਾ ਰਹੀ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਮੰਗਾਂ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ।
ਉਨ੍ਹਾਂ ਮੰਗ ਕੀਤੀ ਕਿ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਹੋਏ ਨੁਕਸਾਨ ਲਈ 3 ਕਰੋੜ 77 ਲੱਖ ਰੁਪਏ ਦੀ ਰਕਮ ਤੁਰੰਤ ਜਾਰੀ ਕੀਤੀ ਜਾਵੇ ਤੇ ਮੋਰਚੇ ਦੌਰਾਨ ਸ਼ਹੀਦ ਹੋਏ ਅਤੇ ਜ਼ਖ਼ਮੀ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਇਸ ਤੋਂ ਇਲਾਵਾ ਹਾਲੀਆ ਹੜ੍ਹਾਂ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ, ਬੀਜ ਐਕਟ, ਬਿਜਲੀ ਬਿੱਲ-2025, ਮਨਰੇਗਾ ਤੇ ਲੇਬਰ ਕੋਡ ਬਾਰੇ ਸਰਕਾਰ ਦੀ ਸਪੱਸ਼ਟ ਨੀਤੀ ਦੀ ਮੰਗ ਵੀ ਕੀਤੀ ਗਈ। ਝੂਠੇ ਪੁਲਿਸ ਮੁਕਾਬਲੇ ਬੰਦ ਕਰਨ ਤੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਵੀ ਮੰਗ ਉੱਠਾਈ ਗਈ। ਇਸ ਮੌਕੇ ਕਿਸਾਨ ਆਗੂਆਂ ਨੇ ਜਿਉਂਦ ਪਿੰਡ ’ਚ ਹੋਏ ਪੁਲਿਸ ਜ਼ੁਲਮ ਦੇ ਮਾਮਲੇ ਦਾ ਜ਼ਿਕਰ ਕਰਦਿਆਂ ਐੱਸਐੱਸਪੀ ਜੋਤੀ ਯਾਦਵ ਨੂੰ ਤੁਰੰਤ ਬਰਖਾਸਤ ਕਰਨ ਤੇ ਉਸ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ, ਨਾਲ ਹੀ ਸਮਾਣਾ ਟਾਵਰ ’ਤੇ ਚੱਲ ਰਹੇ ਧਾਰਮਿਕ ਮੋਰਚੇ ਦੀਆਂ ਮੰਗਾਂ ਨੂੰ ਵੀ ਤੁਰੰਤ ਮੰਨਣ ਦੀ ਗੱਲ ਕਹੀ ਗਈ। ਇਸ ਮੌਕੇ ਜ਼ਿਲ੍ਹਾ ਆਗੂ ਅਵਤਾਰ ਸਿੰਘ ਧਰਮ ਸਿੰਘ ਵਾਲਾ, ਗੁਰਮੇਲ ਸਿੰਘ ਲੋਹਗੜ੍ਹ, ਹਰਮੰਦਰ ਸਿੰਘ ਡੇਮਰੂ, ਇੰਦਰਮੋਹਨ ਸਿੰਘ ਪੱਤੋਂ, ਰਣਜੀਤ ਸਿੰਘ ਬੁੱਟਰ, ਸੁਖਦੇਵ ਸਿੰਘ ਤਲਵੰਡੀ ਭੰਗੇਰੀਆ, ਗੁਰਦੇਵ ਸਿੰਘ ਸਾਹ ਵਾਲਾ, ਗੁਰਭੇਜ ਸਿੰਘ ਸਾਹ ਵਾਲਾ, ਜਗਰਾਜ ਸਿੰਘ ਦੱਦਾ ਹੂਰ, ਬਲਵਿੰਦਰ ਸਿੰਘ ਦੱਦਾਹੂਰ, ਨਿਰਮਲ ਸਿੰਘ ਸੰਘਾ, ਹਰਫੂਲ ਸਿੰਘ ਦੂਲੇ ਵਾਲਾ, ਅਮਨਦੀਪ ਸਿੰਘ ਕੱਚਰਭੰਨ, ਕੇਵਲ ਸਿੰਘ, ਮੱਖਣ ਸਿੰਘ, ਬਲਵਿੰਦਰ ਸਿੰਘ ਕਿਸ਼ਨਪੁਰਾ ਅਤੇ ਸੋਹਣ ਸਿੰਘ ਰਾਮੂੰਵਾਲਾ ਆਦਿ ਕਿਸਾਨ-ਮਜ਼ਦੂਰ ਹਾਜ਼ਰ ਸਨ।