ਸੂਬਾ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ : ਸੰਨੀ ਗਿੱਲ
ਸੂਬੇ ਦੀ ਆਪ ਸਰਕਾਰ ਹ
Publish Date: Wed, 28 Jan 2026 05:22 PM (IST)
Updated Date: Thu, 29 Jan 2026 04:04 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਸੂਬੇ ਦੀ ਆਪ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਿਤ ਹੋ ਰਹੀ ਹੈ ਅਤੇ ਹੁਣ ਸ਼ਰ੍ਹੇਆਮ ਬਾਜ਼ਾਰਾਂ ਵਿਚ ਧੜੱਲੇ ਨਾਲ ਵਿਕ ਰਹੀ ਚਾਈਨਾ ਡੋਰ ਕਹਿਰ ਵਰਤਾਉਣ ਲੱਗੀ ਹੈ ਅਤੇ ਲੁਧਿਆਣਾ ਸ਼ਹਿਰ ਵਿਚ 15 ਸਾਲਾ ਤਰਨਜੋਤ ਦੀ ਚਾਈਨਾ ਡੋਰ ਦੇ ਗਲ ਵਿਚ ਫ਼ਸਣ ਨਾਲ਼ ਹੋਈ ਮੌਤ ਨੇ ਸਭ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ। ਕਈ ਲੋਕ ਜਾਨਾਂ ਗਵਾ ਚੁੱਕੇ ਹਨ ਅਤੇ ਹਜ਼ਾਰਾਂ ਦੀ ਤਾਦਾਦ ਵਿਚ ਖ਼ੂਨੀ ਡੋਰ ਦੀ ਲਪੇਟ ਵਿਚ ਆ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਪਏ ਹਨ ਪਰ ਆਪ ਸਰਕਾਰ ਇਹ ਸਭ ਕੁੱਝ ਮੂਕਦਰਸ਼ਕ ਬਣ ਕੇ ਵੇਖ ਰਹੀ ਹੈ ਅਤੇ ਤਜ਼ਾਰਤੀ ਲੋਕ ਚਾਈਨਾ ਡੋਰ ਵੇਚ ਕੇ ਤਿਜ਼ੋਰੀਆਂ ਭਰ ਰਹੇ ਹਨ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਤਰਾਹਤਰਾਹ ਕਰ ਰਹੇ ਹਨ ਅਮਨਕਾਨੂੰਨ ਦੀ ਸਥਿਤੀ ਬੇਹੱਦ ਮਾੜੀ ਹੋਈ ਪਈ ਹੈ ਅਤੇ ਹੁਣ ਤਾਂ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ’ਤੇ ਵੀ ਗੋਲੀਆਂ ਵਰ੍ਹਨ ਲੱਗੀਆਂ ਹਨ ਅਤੇ ਖੇਡ ਮੇਲਿਆਂ ਵਿਚ ਸਾਡੇ ਹੀਰਿਆਂ ਵਰਗੇ ਖਿਡਾਰੀ ਸ਼ਰ੍ਹੇਆਮ ਗੋਲੀਆਂ ਨਾਲ ਭੁੰਨ ਦਿੱਤੇ ਜਾਂਦੇ ਹਨ ਅਤੇ ਅੱਜ ਹਾਲਾਤ ਇਹ ਹਨ ਕਿ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਸਹਿਮ ਦੇ ਸਾਏ ਥੱਲੇ ਦਮ ਤੋੜ ਰਹੀ ਹੈ। ਸੰਜੀਤ ਸਿੰਘ ਸੰਨੀ ਗਿੱਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਸ ਸਮੇਂ ਦੇ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੀ ਸਰਕਾਰ ਦੌਰਾਨ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਿਤ ਹੀ ਨਹੀਂ ਕੀਤਾ ਸਗੋਂ ਕੌਮਾਂਤਰੀ ਪੱਧਰ ਦੇ ਮੁਕਾਬਲੇ ਹਰ ਸਾਲ ਕਰਵਾਕੇ ਖੇਡ ਕਬੱਡੀ ਨੂੰ ਚਾਰ ਚੰਨ ਲਾਏ ਸਨ ਪਰ ਹੁਣ ਆਪ ਸਰਕਾਰ ਦੇ ਰਾਜ ਵਿਚ ਚਾਰ ਚੰਨ ਤਾਂ ਕੀ ਲੱਗਣੇ ਸਨ ਹੁਣ ਤਾਂ ਖੇਡ ਮੇਲੇ ਕਰਵਾਉਣ ਵਾਲੇ ਲੋਕ ਵੀ ਗੋਲੀਆਂ ਦੇ ਸਾਏ ਦੇ ਡਰੋਂ ਖੇਡ ਮੇਲਿਆਂ ਤੋਂ ਕੰਨੀ ਕਤਰਾਉਣ ਲੱਗੇ ਹਨ। ਉਨ੍ਹਾਂ ਕਿਹਾ ਕਿ ਸਾਲ 2027 ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਮੁੜ ਤੋਂ ਸਰਕਾਰ ਬਣਾਏਗਾ ਅਤੇ ਜਿੱਥੇ ਪੰਜਾਬ ਵਿਚ ਅਮਨਕਾਨੂੰਨ ਦੀ ਸਥਿਤੀ ਬਿਹਤਰ ਬਣਾਈ ਜਾਵੇਗੀ, ਉੱਥੇ ਕਬੱਡੀ ਨੂੰ ਮੁੜ ਉਸੇ ਤਰ੍ਹਾਂ ਕੌਮਾਂਤਰੀ ਪੱਧਰ ’ਤੇ ਲਿਜਾਇਆ ਜਾਵੇਗਾ।