ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਦਾ ਵਫ਼ਦ ਸੰਸਦ ਮੈਂਬਰ ਗਾਂਧੀ ਨੂੰ ਮਿਲਿਆ
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ
Publish Date: Thu, 26 Feb 2026 03:47 PM (IST)
Updated Date: Fri, 27 Feb 2026 04:01 AM (IST)

ਜਥੇਬੰਦੀ ਦੀਆਂ ਮੰਗਾਂ ਲੋਕ ਸਭਾ ’ਚ ਉਠਾਉਣ ਦਾ ਮਿਲਿਆ ਭਰੋਸਾ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦਾ ਸੂਬਾਈ ਵਫ਼ਦ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਧੰਨਾ ਮੱਲ ਗੋਇਲ ਅਤੇ ਜਨਰਲ ਸਕੱਤਰ ਗੁਰਮੇਲ ਸਿੰਘ ਮਾਛੀਕੇ ਦੀ ਅਗਵਾਈ ਹੇਠ ਪਟਿਆਲਾ ਤੋਂ ਸਾਂਸਦ ਡਾ. ਧਰਮਵੀਰ ਗਾਂਧੀ ਨੂੰ ਮਿਲਿਆ। ਜੱਥੇਬੰਦੀ ਵੱਲੋਂ ਡਾ.ਗਾਂਧੀ ਨੂੰ ਤਜ਼ੁਰਬੇਕਾਰ ਅਣਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਕਾਨੂੰਨੀ ਮਾਨਤਾ ਦੀ ਚਿਰੋਕਣੀ ਮੰਗ ਨੂੰ ਚੱਲ ਰਹੇ ਲੋਕ ਸਭਾ ਦੇ ਸੈਸ਼ਨ ਦੌਰਾਨ ਭਾਰਤ ਸਰਕਾਰ ਦੇ ਧਿਆਨ ’ਚ ਲਿਆਉਣ ਸਬੰਧੀ ਵੱਖ ਵੱਖ ਰਾਜਾਂ ਬਿਹਾਰ, ਪੱਛਮੀ ਬੰਗਾਲ ਅਤੇ ਰਾਜਸਥਾਨ ਵਿਚ ਉਕਤ ਪ੍ਰੈਕਟੀਸਨਰਾਂ ਨੂੰ ਮਾਨਤਾ ਸਬੰਧੀ ਕੀਤੀ ਗਈ ਚਾਰਾਜੋਈ ਸਬੰਧੀ ਦਸਤਾਵੇਜ਼ ਅਤੇ ਮੰਗ ਪੱਤਰ ਸੌਂਪਿਆ ਗਿਆ। ਗੋਇਲ ਨੇ ਕਿਹਾ ਕਿ ਇਸ ਸਬੰਧੀ ਐਸੋਸੀਏਸ਼ਨ ਦੀ ਸੂਬਾਈ ਲੀਡਰਸ਼ਿਪ ਵੱਲੋਂ ਪਹਿਲਾਂ ਵੀ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਮੰਗਾਂ ਸਬੰਧੀ ਆਪ ਜੀ ਨਾਲ ਵਿਸਥਾਰਿਤ ਗੱਲਬਾਤ ਕਰ ਚੁੱਕੇ ਹਾਂ । ਇਹ ਮਾਮਲਾ ਜਿੱਥੇ ਭਾਰਤ ਦੇ ਲਗਭਗ 60 ਲੱਖ ਦੇ ਕਰੀਬ ਤਜ਼ੁਰਬੇਕਾਰ ਅਣ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਜੋ ਦੇਸ਼ ’ਚ ਲਗਭਗ ਪਿਛਲੇ ਪੰਜਾਹ ਸਾਲਾਂ ਤੋਂ ਪਿੰਡਾਂ ਅਤੇ ਸ਼ਹਿਰੀ ਗਰੀਬ ਬਸਤੀਆਂ ਤੋਂ ਇਲਾਵਾ ਦੂਰ ਦੁਰਾਡੇ ਢਾਣੀਆਂ ਅਤੇ ਝੁਗੀਆਂ ਝੌਂਪੜੀਆਂ ’ਚ ਵੱਸਦੇ ਸਰਕਾਰੀ ਸਹੂਲਤਾਂ ਤੋਂ ਸੱਖਣੇ ਲੋੜਵੰਦ ਲੋਕਾਂ ਨੂੰ 24 ਘੰਟੇ ਸਸਤੀਆਂ, ਸੌਖੀਆਂ ਅਤੇ ਉਧਾਰੀਆਂ ਸੁਧਾਰੀਆਂ ਮੁੱਢਲੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੇ ਹਨ ਅਤੇ ਸਰਕਾਰ ਦੇ ਹਰ ਇਕ ਨੂੰ ਸਿਹਤ ਸਹੂਲਤਾਂ ਅਤੇ ਰੁਜ਼ਗਾਰ ਘਰ ਘਰ ਪਹੁੰਚਾਉਣ ਦੇ ਵਾਅਦੇ ਦੀ ਪੂਰਤੀ ਦੇ ਨਾਲ ਆਪਣਾ ਸਵੈਰੁਜ਼ਗਾਰ ਵੀ ਚਲਾ ਰਹੇ ਹਨ, ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਉਕਤ ਮੈਡੀਕਲ ਪ੍ਰੈਕਟੀਸ਼ਨਰਜ਼ ਸਰਕਾਰ ਵੱਲੋਂ ਚਲਾਏ ਨੈਸ਼ਨਲ ਪ੍ਰੋਗਰਾਮਾਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ’ਚ ਵੀ ਵੱਡਾ ਯੋਗਦਾਨ ਪਾਉਂਦੇ ਆ ਰਹੇ ਹਨ। ਇਸ ’ਤੇ ਸਤਿਕਾਰਿਤ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਭਾਰਤ ਦੀ ਵੱਡੀ ਵਸੋਂ ਨੂੰ ਪਿੰਡਾਂ ਅਤੇ ਸ਼ਹਿਰੀ ਖੇਤਰ ਦੀਆਂ ਗਰੀਬ ਬਸਤੀਆਂ ਲਈ ਮੁਢਲੀਆਂ ਸਿਹਤ ਸਹੂਲਤਾਂ ਇਨ੍ਹਾਂ ਮੈਡੀਕਲ ਪ੍ਰੈਕਟੀਸ਼ਨਰਾਂ ਤੋਂ ਇਲਾਵਾ ਸਰਕਾਰ ਕੋਲ ਕੋਈ ਵੀ ਢੁੱਕਵਾਂ ਬਦਲ ਨਹੀਂ ਦਿਖਾਈ ਨਹੀਂ ਦੇ ਰਿਹਾ। ਇੰਨ੍ਹਾਂ ਦੁਆਰਾ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਸ਼ਲਾਘਾ ਯੋਗ ਹਨ। ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਕੋਈ ਸ਼ਾਰਟ ਟਰਮ ਟਰੇਨਿੰਗ ਪ੍ਰੋਗਰਾਮ ਜਾਂ ਬ੍ਰਿਜ ਕੋਰਸ ਕਰਵਾਕੇ ਮੁੱਢਲੀਆਂ ਸਿਹਤ ਸੇਵਾਵਾਂ ਅਤੇ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਸਿਹਤ ਸਕੀਮਾਂ ’ਚ ਵੀ ਇੰਨ੍ਹਾਂ ਦੀਆਂ ਸੇਵਾਵਾਂ ਲੈਣ ਦਾ ਉਪਰਾਲਾ ਕਰਨ ਦਾ ਯਤਨ ਕਰੇ। ਸਵੈਰੁਜ਼ਗਾਰ ਚਲਾ ਰਹੇ ਉਕਤ ਮੈਡੀਕਲ ਪ੍ਰੈਕਟੀਸ਼ਨਰਜ਼ ਤੋਂ ਸੇਵਾਵਾਂ ਲੈਣ ਵਾਲੇ ਕਰੋੜਾਂ ਲੋਕਾਂ ਦੀਆਂ ਸਿਹਤ ਸੇਵਾਵਾਂ ਵੀ ਚਲਦੀਆਂ ਰਹਿਣਗੀਆਂ। ਡਾ.ਗਾਂਧੀ ਨੇ ਸੂਬਾਈ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਵੱਲੋਂ ਅਤੇ ਆਪਣੀ ਪਾਰਟੀ ਵੱਲੋਂ ਸੈਸ਼ਨ ਦੌਰਾਨ ਇਸ ਅਹਿਮ ਮਸਲੇ ਨੂੰ ਕੇਂਦਰ ਸਰਕਾਰ ਦੇ ਧਿਆਨ ਵਿਚ ਲਿਆ ਕੇ ਮੰਗ ਕਰਾਂਗਾ ਕਿ ਕੋਈ ਪਾਰਟ ਟਾਈਮ ਟਰੇਨਿੰਗ ਕੋਰਸ ਰਾਹੀਂ ਮੁੱਢਲੀਆਂ ਸਿਹਤ ਸਹੂਲਤਾਂ ਦੇਣ ਦਾ ਕਾਨੂੰਨੀ ਅਧਿਕਾਰ ਦਿੱਤਾ ਜਾਵੇ। ਵਫ਼ਦ ’ਚ ਸੂਬਾ ਸਹਾਇਕ ਵਿੱਤ ਸਕੱਤਰ ਤਾਰਾ ਚੰਦ ਭਾਵਾ, ਸੂਬਾਈ ਆਗੂ ਵੈਦ ਬਲਵੀਰ ਸਿੰਘ ਬਰੇਟਾ ਅਤੇ ਜਗਤਾਰ ਸਿੰਘ ਫੂਲ, ਬਲਾਕ ਲਹਿਰਾਗਾਗਾ ਦੇ ਆਗੂ ਰਾਜ ਕੁਮਾਰ, ਦਲੇਲ ਸਿੰਘ, ਸੁਖਜਿੰਦਰ ਸਿੰਘ, ਪਾਲ ਸਿੰਘ ਅਤੇ ਬਲਾਕ ਬਰੇਟਾ ਤੋਂ ਸਤੀਸ਼ ਬਰੇਟਾ, ਬੰਟੂ ਸ਼ਰਮਾ ਅਤੇ ਰਸ਼ਪਾਲ ਸਿੰਘ ਆਦਿ ਵੀ ਸ਼ਾਮਲ ਸਨ।