ਅਲਾਇੰਸ ਸਕੂਲ ’ਚ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ
ਅਲਾਇੰਸ ਇੰਟਰਨੈਸ਼ਨਲ ਸਕੂਲ
Publish Date: Fri, 03 Apr 2026 04:01 PM (IST)
Updated Date: Sat, 04 Apr 2026 04:02 AM (IST)

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ: ਅਲਾਇੰਸ ਇੰਟਰਨੈਸ਼ਨਲ ਸਕੂਲ ਸਹਾਮਣੇ ਸ਼੍ਰੀ ਹਨੂੰਮਾਨ ਮੰਦਰ (ਪੰਚਾਇਤੀ ਗਾਉਸ਼ਾਲਾ ਰੋਡ) ਜੈਤੋ ਵਿਖੇ ਪ੍ਰਿੰਸੀਪਲ ਗੁਰਸੇਵਕ ਕੌਰ ਮਾਨ ਦੀ ਯੋਗ ਅਗਵਾਈ ਹੇਠ ਨਵੇਂ ਵਿੱਦਿਅਕ ਸੈਸ਼ਨ 2026-27 ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਅਤੇ ਗੁਰੂ ਜੀ ਦਾ ਅਤੁੱਟ ਲੰਗਰ ਵਰਤਿਆ। ਇਸ ਮੌਕੇ ਪ੍ਰਿੰਸੀਪਲ ਗੁਰਸੇਵਕ ਕੌਰ ਮਾਨ ਨੇ ਸਮੂਹ ਵਿਦਿਆਰਥੀਆਂ ਨੂੰ ਜੀ ਆਇਆਂ ਆਖਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਆਉਣ ਵਾਲੇ ਸਮੇਂ ’ਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਅਸ਼ਵਨੀ ਕੁਮਾਰ ਗਰਗ (ਗੋਰੀਆ) ਨੇ ਕਿਹਾ ਕਿ ਧਾਰਮਿਕ ਤੇ ਅਧਿਆਤਮਿਕ ਮਾਹੌਲ ਵਿਚ ਨਵੇਂ ਸਕੂਲ ਸੈਸ਼ਨ ਦੀ ਸ਼ੁਰੂਆਤ ਕਰਨਾ ਇਕ ਬਹੁਤ ਹੀ ਸ਼ੁਭ ਸੰਕੇਤ ਹੈ। ਉਨ੍ਹਾਂ ਕਿਹਾ ਕਿ ਸਕੂਲ ਦਾ ਉਦੇਸ਼ ਨਾ ਸਿਰਫ਼ ਵਿਦਿਆਰਥੀਆਂ ਨੂੰ ਸਿੱਖਿਆ ਦੇਣਾ ਹੈ, ਸਗੋਂ ਚੰਗੇ ਮੁੱਲ, ਅਨੁਸ਼ਾਸਨ ਅਤੇ ਜ਼ਿੰਮੇਵਾਰ ਨਾਗਰਿਕਤਾ ਨੂੰ ਉਤਸ਼ਾਹਿਤ ਕਰਨਾ ਵੀ ਹੈ। ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਮੈਨੇਜਿੰਗ ਡਾਇਰੈਕਟਰ ਗੌਰਵ ਕੁਮਾਰ ‘ਲੱਕੀ ਗਰਗ’ ਨੇ ਕਿਹਾ ਕਿ ਸਕੂਲ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਕੰਮ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿੱਖਿਆ ਦੇ ਨਾਲ-ਨਾਲ, ਜੀਵਨ ਵਿਚ ਅਧਿਆਤਮਿਕਤਾ, ਅਨੁਸ਼ਾਸਨ ਅਤੇ ਨੈਤਿਕ ਕਦਰਾਂ-ਕੀਮਤਾਂ ਦਾ ਵਿਕਾਸ ਵੀ ਜ਼ਰੂਰੀ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਨਵੇਂ ਸੈਸ਼ਨ ਵਿਚ ਵਿਦਿਆਰਥੀ ਅਕਾਦਮਿਕ, ਖੇਡਾਂ, ਅਨੁਸ਼ਾਸਨ ਅਤੇ ਕਦਰਾਂ-ਕੀਮਤਾਂ ਵਿਚ ਨਵੀਆਂ ਉਚਾਈਆਂ ਪ੍ਰਾਪਤ ਕਰਨਗੇ। ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਗਰਗ, ਡਾਇਰੈਕਟਰ ਦੀਪੀ ਗਰਗ, ਮੈਂਬਰ ਜਗਮੇਲ ਸਿੰਘ ਬਰਾੜ, ਮੈਂਬਰ ਘਨੱਈਆ ਲਾਲ ਗਰਗ ਅਤੇ ਮੈਂਬਰ ਅੰਕੁਰ ਗਰਗ ਨੇ ਸਮੂਹ ਸਟਾਫ ਨੂੰ ਨਵੇਂ ਸੈਸ਼ਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਬੱਚਿਆਂ ਦੀ ਪੜ੍ਹਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਚਨਬੱਧਤਾ ਦੋਹਰਾਈ। ਅਖ਼ੀਰ ਵਿਚ ਪ੍ਰਿੰਸੀਪਲ ਗੁਰਸੇਵਕ ਕੌਰ ਮਾਨ ਨੇ ਸੰਭਨਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਮਕਸਦ ਬੱਚਿਆਂ ਵਿਚ ਚੰਗੀਆਂ ਕਦਰਾਂ-ਕੀਮਤਾਂ ਦਾ ਵਿਕਾਸ ਕਰਨਾ ਹੈ। ਉਨ੍ਹਾਂ ਕਿਹਾ ਕਿ ਸਕੂਲ ਸਿੱਖਿਆ ਦੇ ਨਾਲ-ਨਾਲ ਨੈਤਿਕ ਅਤੇ ਅਧਿਆਤਮਿਕ ਮੂਲਿਆਂ ਨੂੰ ਵੀ ਮਹੱਤਵ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਬਾਗ ਦੇ ਮਾਲੀ ਵਾਂਗ ਹਾਂ ਅਤੇ ਬੱਚਿਆਂ ਦੀ ਸੰਭਾਲ ਸਾਡੀ ਜ਼ਿੰਮੇਵਾਰੀ ਹੈ।