ਬਜਟ ਦੇਸ਼ ਦੇ ਵਿਕਾਸ ਕਾਰਜਾਂ ਲਈ ਮਜ਼ਬੂਤ ਕਦਮ : ਰਾਕੇਸ਼ ਰਾਠੌਰ
ਭਾਰਤੀ ਜਨਤਾ ਪਾਰਟੀ ਦੇ ਦਫ਼ਤਰ
Publish Date: Thu, 05 Feb 2026 04:43 PM (IST)
Updated Date: Fri, 06 Feb 2026 04:05 AM (IST)

ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਕੀਤਾ ਵਿਚਾਰ ਵਟਾਂਦਰਾ ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਵਿਚ ਕੇਂਦਰੀ ਬਜਟ 2026-27 ਸਬੰਧੀ ਇਕ ਵਿਸ਼ਾਲ ਪ੍ਰੈੱਸ ਕਾਨਫਰੰਸ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਡਾਕਟਰ ਹਰਜੋਤ ਕਮਲ ਦੀ ਅਗਵਾਈ ਹੇਠ ਕੀਤੀ ਗਈ। ਇਸ ਪ੍ਰੈੱਸ ਕਾਨਫਰੰਸ ਦੌਰਾਨ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਰਾਕੇਸ਼ ਰਾਠੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੀਆਂ ਪ੍ਰਮੁੱਖ ਉਪਲਬਧੀਆਂ ਨੂੰ ਵਿਸਥਾਰ ਨਾਲ ਸਾਂਝਾ ਕਰਦਿਆਂ ਕਿਹਾ ਕਿ ਇਹ ਬਜਟ ਦੇਸ਼ ਨੂੰ ਵਧੀਆ ਬਣਾਉਣ ਦੀ ਦਿਸ਼ਾ ਵਿਚ ਇਕ ਇਤਿਹਾਸਿਕ ਦਸਤਾਵੇਜ਼ ਹੈ। ਰਾਕੇਸ਼ ਰਾਠੌਰ ਨੇ ਕਿਹਾ ਕਿ ਕੇਂਦਰੀ ਬਜਟ 2026-27 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਵਿਕਸਿਤ ਭਾਰਤ’ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਇਕ ਮਜ਼ਬੂਤ ਅਤੇ ਵਧੀਆ ਕਦਮ ਹੈ। ਉਨ੍ਹਾਂ ਦੱਸਿਆ ਕਿ ਸਾਲ 2014 ਵਿਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਕਮਾਨ ਸੰਭਾਲੀ ਸੀ, ਉਸ ਵੇਲੇ ਭਾਰਤ ਦੀ ਅਰਥਵਿਵਸਥਾ ਵਿਸ਼ਵ ਵਿਚ 10ਵੇਂ ਸਥਾਨ ’ਤੇ ਸੀ ਪਰ ਅੱਜ ਭਾਰਤ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਚੁੱਕਾ ਹੈ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਭਾਰਤ ਜਲਦੀ ਹੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਕੇ ਦੁਨੀਆਂ ਵਿਚ ਆਪਣੀ ਮਜ਼ਬੂਤ ਪਛਾਣ ਕਾਇਮ ਕਰੇਗਾ। ਉਨ੍ਹਾਂ ਕਿਹਾ ਕਿ ਬਜਟ 2026-27 ਵਿਚ ਕੁੱਲ ਖ਼ਰਚ 53.47 ਲੱਖ ਕਰੋੜ ਰੁਪਏ ਰੱਖਿਆ ਗਿਆ ਹੈ ਜੋ ਦੇਸ਼ ਦੇ ਆਰਥਿਕ, ਸਮਾਜਿਕ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਕੇਂਦਰ ਸਰਕਾਰ ਦੀ ਮਜ਼ਬੂਤ ਨੀਤੀ ਨੂੰ ਦਰਸਾਉਂਦਾ ਹੈ। ਇਸ ਬਜਟ ਵਿਚ ਖਾਸ ਤੌਰ ’ਤੇ ਵਿਕਾਸ ਪ੍ਰੋਜੈਕਟਾਂ ਅਤੇ ਲੋਕ-ਕਲਿਆਣ ਯੋਜਨਾਵਾਂ ’ਤੇ ਧਿਆਨ ਦਿੱਤਾ ਗਿਆ ਹੈ ਤਾਂ ਜੋ ਦੇਸ਼ ਦੀ ਤਰੱਕੀ ਦੀ ਰਫ਼ਤਾਰ ਨੂੰ ਹੋਰ ਤੇਜ਼ ਕੀਤਾ ਜਾ ਸਕੇ। ਰਾਕੇਸ਼ ਰਾਠੌਰ ਨੇ ਕੈਪੀਟਲ ਐਕਸਪੈਂਡੀਚਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਾਲ ਇਹ ਰਕਮ 11 ਲੱਖ ਕਰੋੜ ਰੁਪਏ ਸੀ ਜਿਸ ਨੂੰ ਇਸ ਸਾਲ ਵਧਾ ਕੇ 12.30 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵੱਡੇ ਨਿਵੇਸ਼ ਨਾਲ ਸੜਕਾਂ, ਰੇਲਵੇ, ਹਵਾਈ ਅੱਡਿਆਂ, ਪੁਲਾਂ ਅਤੇ ਹੋਰ ਬੁਨਿਆਦੀ ਢਾਂਚੇ ਨਾਲ ਜੁੜੇ ਪ੍ਰੋਜੈਕਟਾਂ ਨੂੰ ਤੇਜ਼ੀ ਮਿਲੇਗੀ ਜਿਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਵੀ ਸਿਰਜੇ ਜਾਣਗੇ। ਉਨ੍ਹਾਂ ਨੇ ਪਿਛਲੇ ਦਸ ਸਾਲਾਂ ਦੇ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਸਾਲ 2016-17 ਵਿਚ ਕੈਪੀਟਲ ਐਕਸਪੈਂਡੀਚਰ ਸਿਰਫ਼ 2.8 ਲੱਖ ਕਰੋੜ ਰੁਪਏ ਸੀ ਜੋ ਹੁਣ ਵਧ ਕੇ 2026-27 ਵਿਚ 12.2 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਇਹ ਸਾਫ਼ ਦਰਸਾਉਂਦਾ ਹੈ ਕਿ ਕੇਂਦਰ ਸਰਕਾਰ ਵਿਕਾਸ, ਨਿਵੇਸ਼ ਅਤੇ ਆਧੁਨਿਕ ਭਾਰਤ ਦੇ ਨਿਰਮਾਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਆਪਣੇ ਬਿਆਨ ਦੇ ਅੰਤ ਵਿਚ ਰਾਕੇਸ਼ ਰਾਠੌਰ ਨੇ ਕਿਹਾ ਕਿ ਕੇਂਦਰੀ ਬਜਟ 2026-27 ਆਮ ਲੋਕਾਂ, ਕਿਸਾਨਾਂ, ਨੌਜਵਾਨਾਂ, ਮਜ਼ਦੂਰਾਂ ਅਤੇ ਵਪਾਰਕ ਵਰਗ ਲਈ ਲਾਭਦਾਇਕ ਸਾਬਤ ਹੋਵੇਗਾ। ਇਹ ਬਜਟ ਸਿਰਫ਼ ਆਰਥਿਕ ਵਿਕਾਸ ਹੀ ਨਹੀਂ ਸਗੋਂ ਸਮਾਜਿਕ ਸੰਤੁਲਨ ਅਤੇ ਦੇਸ਼ ਦੀ ਸਮੁੱਚੀ ਤਰੱਕੀ ਨੂੰ ਯਕੀਨੀ ਬਣਾਉਣ ਵਾਲਾ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਭਾਰਤ ਨੂੰ ਇਕ ਮਜ਼ਬੂਤ, ਆਤਮਨਿਰਭਰ ਅਤੇ ਵਿਕਸਿਤ ਰਾਸ਼ਟਰ ਬਣਾਉਣ ਦੀ ਦਿਸ਼ਾ ਵਿਚ ਇਕ ਮੀਲ ਦਾ ਪੱਥਰ ਸਾਬਿਤ ਹੋਵੇਗਾ।