ਸ਼੍ਰੀ ਪੰਜਮੁਖੀ ਮੰਦਰ ’ਚ ਕਰਵਾਇਆ ਸਮਾਗਮ
ਅਯੋਧਿਆ ਧਾਮ ਵਿਚ ਸ਼੍ਰੀ ਰਾਮ ਮੰਦਰ ਵਿਖੇ
Publish Date: Thu, 22 Jan 2026 04:53 PM (IST)
Updated Date: Fri, 23 Jan 2026 04:04 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ : ਅਯੋਧਿਆ ਧਾਮ ਵਿਚ ਸ਼੍ਰੀ ਰਾਮ ਮੰਦਰ ਵਿਖੇ ਪ੍ਰਭੂ ਸ਼੍ਰੀ ਰਾਮ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦੇ ਦੋ ਸਾਲ ਪੂਰੇ ਹੋਣ ਦੇ ਪਾਵਨ ਅਵਸਰ ’ਤੇ ਮੋਗਾ ਸ਼ਹਿਰ ਵਿਚ ਧਾਰਮਿਕ ਉਤਸ਼ਾਹ ਅਤੇ ਭਗਤੀ ਭਰੇ ਮਾਹੌਲ ਵਿਚ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਸ਼੍ਰੀ ਪੰਜਮੁਖੀ ਮੰਦਰ ਅਤੇ ਖੱਤਰੀ ਸਭਾ ਮੋਗਾ ਵੱਲੋਂ ਸਥਾਨਕ ਆਰਾ ਰੋਡ ਸਥਿਤ ਸ਼੍ਰੀ ਪੰਜਮੁਖੀ ਮੰਦਰ ਵਿਖੇ ਕਰਵਾਇਆ ਗਿਆ, ਜਿੱਥੇ ਸ਼ਰਧਾਲੂ ਵੱਡੀ ਗਿਣਤੀ ਵਿਚ ਹਾਜ਼ਰ ਸਨ। ਪੰਡਿਤ ਪੁਸ਼ਪਰਾਜ ਸ਼ਰਮਾ ਦੀ ਅਗਵਾਈ ਹੇਠ ਐਡਵੋਕੇਟ ਵਿਜੈ ਧੀਰ, ਚੇਅਰਮੈਨ ਖੱਤਰੀ ਸਭਾ ਮੋਗਾ ਅਤੇ ਜ਼ਿਲਾ ਪ੍ਰਧਾਨ ਨਰੋਤਮ ਪੂਰੀ ਨੇ ਪੂਜਨ ਅਤੇ ਜੋਤ ਪ੍ਰਚੰਡ ਦੀ ਰਸਮ ਨਿਭਾਈ। ਇਸ ਮੌਕੇ ਮੰਦਰ ਪਰਿਸਰ ਵਿਚ ਭਗਵਾਨ ਰਾਮ ਦੇ ਜੈਕਾਰਿਆਂ ਨਾਲ ਪੂਰਾ ਵਾਤਾਵਰਨ ਧਾਰਮਿਕ ਰੰਗ ਵਿਚ ਰੰਗਿਆ ਗਿਆ। ਸਮਾਗਮ ਦੌਰਾਨ ਐਡਵੋਕੇਟ ਵਿਜੈ ਧੀਰ ਨੇ ਕਿਹਾ ਕਿ ਪ੍ਰਭੂ ਸ਼੍ਰੀ ਰਾਮ ਮੂਰਤੀ ਪ੍ਰਾਣ ਪ੍ਰਤਿਸ਼ਠਾ ਉਤਸਵ ਸਨਾਤਨ ਸਭਿਆਚਾਰ, ਆਸਥਾ ਅਤੇ ਰਾਸ਼ਟਰ ਗੌਰਵ ਦਾ ਪ੍ਰਤੀਕ ਹੈ। ਜ਼ਿਲਾ ਪ੍ਰਧਾਨ ਨਰੋਤਮ ਪੂਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸ਼੍ਰੀ ਰਾਮ ਮੰਦਰ ਦਾ ਨਿਰਮਾਣ ਸ਼ਰਧਾਲੂਆਂ ਦੀ ਭਗਤੀ, ਸਭਿਆਚਾਰ ਅਤੇ ਸਨਾਤਨ ਪਰੰਪਰਾ ਦਾ ਬੇਮਿਸਾਲ ਸੰਗਮ ਹੈ। ਸਮਾਗਮ ਵਿਚ ਮਨੋਜ ਟੰਡਨ, ਰਮਨ ਗਾਂਧੀ, ਵਿਕਾਸ ਕਪੂਰ, ਸ਼ਿਵ ਟੰਡਨ, ਬਲਜਿੰਦਰ ਸਿੰਘ ਸਹਿਗਲ, ਰਾਕੇਸ਼ ਸਿਤਾਰਾ ਬ੍ਰਾਂਡ ਐਮਬੈਸਡਰ, ਸੁਸ਼ੀਲ ਮਿੱਢਾ, ਰਮਨ ਮੱਕੜ, ਅਮਨ ਮਦਾਨ, ਸੌਰਭ ਗੋਇਲ, ਸੋਨੂੰ ਢੀਂਗੜਾ, ਪ੍ਰਵੀਨ ਸ਼ਰਮਾ, ਸ਼ੁਭਮ ਗੁਪਤਾ, ਨਿਤਿਨ ਗੁਪਤਾ, ਵਿਕਾਸ ਗੁਪਤਾ ਸਮੇਤ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸ਼ਰਧਾਲੂ ਹਾਜ਼ਰ ਸਨ। ਮੂਰਤੀ ਪ੍ਰਾਣ ਪ੍ਰਤਿਸ਼ਠਾ ਦੇ ਦੋ ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਪ੍ਰਭੂ ਸ਼੍ਰੀ ਰਾਮ ਦਾ ਤਿਲਕ ਲਗਾ ਕੇ ਇਕ ਦੂਜੇ ਨੂੰ ਮਿਠਾਈਆਂ ਅਤੇ ਲੱਡੂ ਵੰਡੇ ਗਏ। ਭਗਤੀਮਈ ਆਰਤੀ ਤੋਂ ਬਾਅਦ ਪ੍ਰਸ਼ਾਦ ਵੀ ਵੰਡਿਆ ਗਿਆ। ਸਮੂਹ ਮੰਦਰ ਪਰਿਸਰ ਵਿਚ ਖੁਸ਼ੀ, ਉਤਸ਼ਾਹ ਅਤੇ ਆਸਥਾ ਦਾ ਮਾਹੌਲ ਬਣਿਆ ਰਿਹਾ। ਅੰਤ ਵਿਚ ਆਯੋਜਕਾਂ ਵਲੋਂ ਆਏ ਹੋਏ ਸਾਰੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਗਿਆ ਅਤੇ ਪ੍ਰਭੂ ਸ਼੍ਰੀ ਰਾਮ ਦੇ ਦਰ ’ਤੇ ਸਦਾ ਹੀ ਸਮਾਜਿਕ ਏਕਤਾ, ਧਾਰਮਿਕ ਸਹਿਣਸ਼ੀਲਤਾ ਅਤੇ ਸਨਾਤਨ ਮੁੱਲਾਂ ਦੀ ਰੱਖਿਆ ਲਈ ਪ੍ਰਾਰਥਨਾ ਕੀਤੀ ਗਈ।