ਸਾਡੇ ਬਜ਼ੁਰਗ ਸਾਡਾ ਮਾਣ ਤਹਿਤ ਕੈਂਪ ਲਾਇਆ
ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਸੇਵਾ ਤੇ
Publish Date: Wed, 11 Mar 2026 05:06 PM (IST)
Updated Date: Thu, 12 Mar 2026 04:03 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ : ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਸੇਵਾ ਤੇ ਸਨਮਾਨ ਲਈ ਸ਼ੁਰੂ ਕੀਤੀ ਗਈ ‘ਸਾਡੇ ਬਜ਼ੁਰਗ, ਸਾਡਾ ਮਾਣ’ ਮੁਹਿੰਮ ਤਹਿਤ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਦੀ ਅਗਵਾਈ ਹੇਠ ਮੋਗਾ ਦੇ ਗੁਰੂ ਨਾਨਕ ਕਾਲਜ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ। ਕੈਂਪ ਵਿਚ ਕਿਰਨ ਜਯੋਤੀ ਸੀਜੇਐੱਮ ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ’ਤੇ ਬਜ਼ੁਰਗਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਤੇ ਡਿਜੀਟਲ ਹੇਰਾਫ਼ੇਰੀ ਤੋਂ ਬਚਾਅ ਕਰਨ ਦੀ ਜਾਣਕਾਰੀ ਵੀ ਦਿੱਤੀ ਗਈ। ਇਸ ਕੈਂਪ ਵਿਚ ਭਾਰਤੀ ਸੀਐੱਮ ਦੀ ਯੋਗਸ਼ਾਲਾ ਵੱਲੋਂ ਬਜ਼ੁਰਗਾਂ ਨੂੰ ਯੋਗ ਸਿਖਾਇਆ ਗਿਆ ਅਤੇ ਇਸ ਦੇ ਲਾਭ ਸਬੰਧੀ ਮਹੱਤਵਪੂਰਨ ਜਾਣਕਾਰੀ ਵੀ ਸਾਂਝੀ ਕੀਤੀ ਗਈ। ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਵੀ ਪੰਜਾਬੀ ਵਿਰਸੇ ਨਾਲ ਸਬੰਧਤ ਕਵਿਤਾਵਾਂ ਅਤੇ ਲੋਕ ਨਾਚ ਗਿੱਧਾ ਪੇਸ਼ ਕੀਤਾ ਗਿਆ। ਇਸ ਕੈਂਪ ਵਿਚ ਸਰੀਰਿਕ ਅਤੇ ਮਾਨਸਿਕ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ। ਬਜ਼ੁਰਗਾਂ ਅਤੇ ਯੁਵਾ ਪੀੜ੍ਹੀ ਵਿਚ ਆ ਰਹੇ ਅੰਤਰ ਨੂੰ ਖ਼ਤਮ ਕਰਨ ਲਈ ਪੀੜ੍ਹੀਆਂ ਵਿਚਕਾਰ ਬੰਧਨ ਦੀਆਂ ਗਤੀਵਿਧੀਆਂ ਨੂੰ ਜਾਰੀ ਰੱਖਣ ਅਤੇ ਆਪਸੀ ਸਾਂਝ ਨੂੰ ਵਧਾਉਣ ਲਈ ਉਪਰਾਲੇ ਕਰਨ ਲਈ ਜਾਣਕਾਰੀ ਸਾਂਝੀ ਕੀਤੀ ਗਈ। ਬਜ਼ੁਰਗਾਂ ਦੀ ਸਹਾਇਤਾ ਲਈ ਟੋਲ ਫ੍ਰੀ ਹੈਲਪਲਾਈਨ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਗੁਰਜੀਤ ਕੌਰ ਵੱਲੋਂ ਕੈਂਪ ਵਿਚ ਬਜ਼ੁਰਗਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਸਰਕਾਰੀ ਸਹਾਇਤਾ ਪ੍ਰਣਾਲੀ ਨਾਲ ਜੋੜਨ ਉੱਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਸ਼ਾਸ਼ਨ ਦੀ ਮੱਦਦ ਨਾਲ ਭਵਿੱਖ ਵਿਚ ਵੀ ਅਜਿਹੇ ਕੈਂਪ ਜਾਰੀ ਰਹਿਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮੂਹ ਦਫ਼ਤਰੀ ਸਟਾਫ਼, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਮੋਗਾ 1, ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰੀ ਲਾਲ ਅਤੇ ਉਨ੍ਹਾਂ ਦੀ ਟੀਮ ਮੈਂਬਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ।