ਦੀਪ ਸਿੱਧੂ ਦੇ ਬਰਸੀ ਸਮਾਗਮ ਸਬੰਧੀ ਕੀਤੀ ਮੀਟਿੰਗ
ਪੰਜਾਬ, ਪੰਜਾਬੀਅਤ ਅਤੇ ਪੰਥ
Publish Date: Thu, 12 Feb 2026 04:32 PM (IST)
Updated Date: Fri, 13 Feb 2026 04:03 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਪੰਜਾਬ, ਪੰਜਾਬੀਅਤ ਅਤੇ ਪੰਥ ਦੀ ਆਵਾਜ਼ ਬਾਈ ਦੀਪ ਸਿੱਧੂ ਦੀ ਬਰਸੀ ਸਮਾਗਮ ਨੂੰ ਲੈ ਕੇ ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਭਾਈ ਦਵਿੰਦਰ ਸਿੰਘ ਹਰੀਏ ਵਾਲਾ, ਬਾਬਾ ਰੇਸ਼ਮ ਸਿੰਘ ਖੁਖ਼ਰਾਣਾ, ਸਤਪਾਲ ਸਿੰਘ ਡਗਰੂ ਅਤੇ ਜਸਬੀਰ ਸਿੰਘ ਘੋਲੀਆ ਨੇ ਕਿਹਾ ਕਿ ਬਾਈ ਦੀਪ ਸਿੱਧੂ ਨੇ ਕਿਸਾਨੀ ਸੰਘਰਸ਼ ਦੌਰਾਨ ਪੰਜਾਬ ਪ੍ਰਤੀ ਬਣ ਰਹੀ ਨਫ਼ਰਤ ਦੀ ਨੀਤੀ ਨੂੰ ਸਮਝਦਿਆਂ ਕੌਮ ਨੂੰ ਜਾਗਰੂਕ ਕਰਨ ਦਾ ਯਤਨ ਕੀਤਾ ਪੰਥਕ ਰਵਾਇਤਾਂ ’ਤੇ ਪਹਿਰਾ ਦਿੱਤਾ। ਇਸ ਦੌਰਾਨ ਬਾਈ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਪੰਜਾਬ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਸਮੁੱਚੀਆਂ ਸਿਆਸੀ ਜਥੇਬੰਦੀਆਂ ਅਹਿਮ ਮਸਲਿਆਂ ਤੋਂ ਮੁੰਹ ਮੋੜ ਕੇ ਕੇਵਲ ਕੁਰਸੀ ਦੀ ਦੌੜ ਵਿਚ ਲੱਗੀਆਂ ਹੋਈਆਂ ਹਨ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਪੰਜਾਬ ਦੇ ਮਸਲਿਆਂ ਦਾ ਹੱਲ ਸਿਰਫ਼ ਸੱਤ੍ਹਾ ਪ੍ਰਾਪਤੀ ਨਾਲ ਨਹੀਂ, ਸਗੋਂ ਆਨੰਦਪੁਰ ਸਾਹਿਬ ਦੇ ਮਤੇ ਅਨੁਸਾਰ ਹੱਕਾਂ ਦੀ ਪ੍ਰਾਪਤੀ ਨਾਲ ਸੰਭਵ ਹੈ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਕੌਮੀ ਅਧਿਕਾਰਾਂ ਅਤੇ ਅਸੂਲਾਂ ’ਤੇ ਡਟ ਕੇ ਖੜ੍ਹਨ ਲਈ ਇਕਜੁੱਟ ਹੋਣਾ ਸਮੇਂ ਦੀ ਲੋੜ ਹੈ। ਇਸ ਮੌਕੇ ਬਾਬਾ ਰੇਸ਼ਮ ਸਿੰਘ ਖੁਖ਼ਰਾਣਾ ਅਤੇ ਸੂਬੇਦਾਰ ਬਲਵੰਤ ਸਿੰਘ ਰੋਡੇ ਜ਼ਿਲ੍ਹਾ ਪ੍ਰਧਾਨ ਮੋਗਾ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਬਾਈ ਦੀਪ ਸਿੱਧੂ ਨੇ ਪੰਜਾਬ ਦੀ ਨਬਜ਼ ਨੂੰ ਪਛਾਣਿਆ ਅਤੇ ਵਿਰੋਧੀ ਨੀਤੀਆਂ ਨੂੰ ਬੇਨਕਾਬ ਕੀਤਾ। ਉਨ੍ਹਾਂ ਅਫ਼ਸੋਸ ਪ੍ਰਗਟਾਇਆ ਕਿ ਕੌਮ ਉਸਦੀ ਸੋਚ ਨੂੰ ਸਮਝਣ ਵਿਚ ਦੇਰ ਕਰ ਗਈ ਪਰ ਹੁਣ ਸਮਾਂ ਹੈ ਕਿ ਉਸਦੇ ਅਸੂਲਾਂ ’ਤੇ ਪਹਿਰਾ ਦਿੱਤਾ ਜਾਵੇ। ਆਗੂਆਂ ਨੇ ਸੱਦਾ ਦਿੱਤਾ ਕਿ 15 ਫ਼ਰਵਰੀ ਨੂੰ ਚੌਂਕੀਮਾਨ ਵਿਖੇ ਵੱਡੇ ਇਕੱਠ ਦੇ ਰੂਪ ਵਿਚ ਇਕੱਠੇ ਹੋ ਕੇ ਭਵਿੱਖ ਦੀ ਰਣਨੀਤੀ ਤੈਅ ਕੀਤੀ ਜਾਵੇਗੀ। ਨਾਲ ਹੀ ਐਲਾਨ ਕੀਤਾ ਗਿਆ ਕਿ ਆਉਂਦੇ ਸਮੇਂ ਵਿਚ ਪਿੰਡ ਪਿੰਡ ਜਾ ਕੇ ਬਾਈ ਦੀਪ ਸਿੱਧੂ ਦੀ ਸੋਚ ਨਾਲ ਜੁੜੇ ਨੌਜਵਾਨਾਂ ਨੂੰ ਇਕ ਮੰਚ ’ਤੇ ਇਕੱਠਾ ਕਰਨ ਲਈ ਮੁਹਿੰਮ ਚਲਾਈ ਜਾਵੇਗੀ। ਇਸ ਮੌਕੇ ਮੱਖਣ ਸਿੰਘ ਸੱਦਾ ਸਿੰਘ ਵਾਲਾ, ਮਲਕੀਤ ਸਿੰਘ ਕਾਲੀਏ ਵਾਲਾ, ਜੀਤਾ ਸਿੰਘ ਮੰਗਾ, ਹਰਿੰਦਰ ਸਿੰਘ ਨੱਥੂਵਾਲਾ, ਅਮਰੀਕ ਸਿੰਘ ਹਰੀਏਵਾਲਾ, ਬਾਬਾ ਬਲਕਾਰ ਸਿੰਘ ਘੋਲੀਆ ਅਤੇ ਅਮਨਦੀਪ ਸਿੰਘ ਅਮਨਾ ਸਮੇਤ ਕਈ ਹੋਰ ਆਗੂ ਹਾਜ਼ਰ ਸਨ। ਬਰਸੀ ਸਮਾਗਮ ਨੂੰ ਲੈ ਕੇ ਇਲਾਕੇ ਦੀਆਂ ਸੰਗਤਾਂ ਵਿਚ ਖ਼ਾਸ ਉਤਸ਼ਾਹ ਹੈ।