24 ਲਾਵਾਰਸ ਦੇਹਾਂ ਨਮਿਤ ਅੰਤਿਮ ਅਰਦਾਸ 18 ਜਨਵਰੀ ਨੂੰ
ਮੋਗਾ ਸ਼ਹਿਰ ਵਿਚ ਸਮਾਜਿਕ ਅਤੇ ਧਾਰਮਿਕ ਸੇਵਾਵਾਂ ਨਿਭਾਉਂਦੀ
Publish Date: Fri, 09 Jan 2026 05:05 PM (IST)
Updated Date: Sat, 10 Jan 2026 04:01 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ : ਮੋਗਾ ਸ਼ਹਿਰ ਵਿਚ ਸਮਾਜਿਕ ਅਤੇ ਧਾਰਮਿਕ ਸੇਵਾਵਾਂ ਨਿਭਾਉਂਦੀ ਸਮਾਜ ਸੇਵਾ ਸੋਸਾਇਟੀ ਵੱਲੋਂ ਲਾਵਾਰਸ ਮਨੁੱਖੀ ਦੇਹਾਂ ਦੀ ਸਾਂਭ-ਸੰਭਾਲ ਅਤੇ ਅੰਤਿਮ ਸੰਸਕਾਰ ਦੀ ਸੇਵਾ ਲਗਾਤਾਰ ਇਨਸਾਨੀਅਤ ਦੀ ਮਿਸਾਲ ਬਣ ਰਹੀ ਹੈ। ਇਸੇ ਲੜੀ ਤਹਿਤ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੁਸਾਂਝ ਰੋਡ ਵਿਖੇ 24 ਲਾਵਾਰਸ ਮਨੁੱਖੀ ਦੇਹਾਂ ਦੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਦਾ ਸਮਾਗਮ 18 ਜਨਵਰੀ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਪਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵਾ ਸੋਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ ਨੇ ਦੱਸਿਆ ਕਿ ਸੋਸਾਇਟੀ ਬੀਤੇ ਕਈ ਸਮੇਂ ਤੋਂ ਲਾਵਾਰਸ ਮ੍ਰਿਤਕ ਦੇਹਾਂ ਦੀਆਂ ਧਾਰਮਿਕ ਰੀਤੀ ਰੀਵਾਜਾਂ ਅਨੁਸਾਰ ਸਾਂਭ-ਸੰਭਾਲ, ਅੰਤਿਮ ਅਰਦਾਸ ਅਤੇ ਸੰਸਕਾਰ ਦੀ ਸੇਵਾ ਨਿਭਾ ਰਹੀ ਹੈ। ਇਸ ਸਾਲ ਦੌਰਾਨ ਸੋਸਾਇਟੀ ਵੱਲੋਂ 24 ਲਾਵਾਰਸ ਮ੍ਰਿਤਕ ਦੇਹਾਂ ਦੇ ਸੰਸਕਾਰ ਅਤੇ ਅੰਤਿਮ ਸੇਵਾਵਾਂ ਨਿਭਾਈਆਂ ਜਾ ਚੁੱਕੀਆਂ ਹਨ। ਗੁਰਸੇਵਕ ਸਿੰਘ ਸੰਨਿਆਸੀ ਨੇ ਕਿਹਾ ਕਿ ਇਨ੍ਹਾਂ ਮ੍ਰਿਤਕਾਂ ਦੀਆਂ ਆਤਮਾਂ ਦੀ ਸ਼ਾਂਤੀ ਅਤੇ ਉਨ੍ਹਾਂ ਪ੍ਰਤੀ ਧਾਰਮਿਕ ਤੇ ਸਮਾਜਿਕ ਫਰਜ਼ਾਂ ਦੀ ਪੂਰਤੀ ਵਾਸਤੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਜਾ ਰਹੇ ਹਨ। ਇਸ ਮੌਕੇ ਸੰਤ ਗੁਰਮੀਤ ਸਿੰਘ ਜੀ ਖੋਸਿਆਂ ਵਾਲਿਆਂ ਵੱਲੋਂ ਅਰਦਾਸ ਉਪਰੰਤ ਪ੍ਰਵਚਨ ਕਰਕੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ ਜਾਵੇਗਾ ਅਤੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੱਤਾ ਜਾਵੇਗਾ। ਸੋਸਾਇਟੀ ਵੱਲੋਂ ਸਮੂਹ ਸੰਗਤਾਂ ਅਤੇ ਸ਼ਹਿਰ ਵਾਸੀਆਂ ਨੂੰ ਇਸ ਧਾਰਮਿਕ ਸਮਾਗਮ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ।