ਸ਼ਿਵ ਸੈਨਾ ਹਿੰਦੁਸਤਾਨ ਦੀ ਮੀਟਿੰਗ ਹੋਈ
ਸ਼ਿਵ ਸੈਨਾ ਹਿੰਦੁਸਤਾਨ
Publish Date: Wed, 04 Feb 2026 04:11 PM (IST)
Updated Date: Thu, 05 Feb 2026 04:02 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਸ਼ਿਵ ਸੈਨਾ ਹਿੰਦੁਸਤਾਨ ਦੀ ਵਿਸ਼ੇਸ਼ ਮੀਟਿੰਗ ਪੰਜਾਬ ਦੇ ਜਨਰਲ ਸਕੱਤਰ ਵਿਕਾਸ ਕਪੂਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਧਾਰਮਿਕ ਮਰਯਾਦਾ ਅਨੁਸਾਰ ਸਮੂਹ ਮੈਂਬਰਾਂ ਵੱਲੋਂ ਗਾਇਤਰੀ ਮੰਤਰ ਦੇ ਜਾਪ ਨਾਲ ਕੀਤੀ ਗਈ। ਇਸ ਮੀਟਿੰਗ ਵਿਚ ਰਾਮ ਬੱਚਨ ਰਾਏ ਪੰਜਾਬ ਉੱਪ ਪ੍ਰਧਾਨ, ਗਗਨ ਨੌਹਰੀਆ ਪੰਜਾਬ ਉੱਪ ਪ੍ਰਧਾਨ, ਮਨਦੀਪ ਸ਼ਰਮਾ ਪੰਜਾਬ ਪ੍ਰਧਾਨ ਮਹਿਲਾ ਵਿੰਗ, ਕੁਨਾਲ ਅਰੋੜਾ ਜ਼ਿਲ੍ਹਾ ਪ੍ਰਧਾਨ ਵਪਾਰ ਮੋਰਚਾ ਸਮੇਤ ਕਈ ਸੀਨੀਅਰ ਆਗੂਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸਾਰਿਆਂ ਨੇ ਪੰਜਾਬ ਅੰਦਰ ਸਮਾਜਿਕ ਸ਼ਾਂਤੀ ਦੀ ਰੱਖਿਆ ਲਈ ਅਰਦਾਸ ਕੀਤੀ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਕਾਸ ਕਪੂਰ ਨੇ ਪੰਜਾਬ ਵਿਚ ਵਧ ਰਹੀਆਂ ਗਊ ਤਸਕਰੀ ਅਤੇ ਲਾਲਚ ਦੇ ਕੇ ਕੀਤੇ ਜਾ ਰਹੇ ਜ਼ਬਰਦਸਤੀ ਧਰਮ ਪਰਿਵਰਤਨ ਦੇ ਮਾਮਲਿਆਂ ’ਤੇ ਡੂੰਘੀ ਚਿੰਤਾ ਅਤੇ ਗੁੱਸਾ ਜ਼ਾਹਿਰ ਕੀਤਾ। ਉਨ੍ਹਾਂ ਕਿਹਾ ਕਿ ਇਹ ਗਤੀਵਿਧੀਆਂ ਸੂਬੇ ਦੀ ਸ਼ਾਂਤੀ, ਸਾਂਝੀ ਸੱਭਿਆਚਾਰਕ ਵਿਰਾਸਤ ਅਤੇ ਸਮਾਜਿਕ ਤਾਣੇ-ਬਾਣੇ ਲਈ ਗੰਭੀਰ ਖ਼ਤਰਾ ਹਨ। ਇਸ ਮੌਕੇ ਕਪੂਰ ਨੇ ਸਪਸ਼ਟ ਕੀਤਾ ਕਿ ਗਊਆਂ ਹਿੰਦੂ ਸਮਾਜ ਲਈ ਕੇਵਲ ਇਕ ਜਾਨਵਰ ਨਹੀਂ, ਸਗੋਂ ਮਾਂ ਦਾ ਦਰਜਾ ਰੱਖਦੀ ਹੈ ਅਤੇ ਇਸਦੀ ਤਸਕਰੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਬਰਾਬਰ ਹੈ। ਧਰਮ ਪਰਿਵਰਤਨ ਦੇ ਮੁੱਦੇ ’ਤੇ ਬੋਲਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਕੁੱਝ ਵਿਦੇਸ਼ੀ ਤਾਕਤਾਂ ਭਾਰਤ ਦੇ ਸਮਾਜਿਕ ਢਾਂਚੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਹ ਤੱਤ ਗਰੀਬ ਹਿੰਦੂ ਪਰਿਵਾਰਾਂ ਨੂੰ ਪੈਸੇ, ਮੁਫ਼ਤ ਸਿੱਖਿਆ, ਵਿਦੇਸ਼ਾਂ ਵਿਚ ਨੌਕਰੀਆਂ ਅਤੇ ਰਿਹਾਇਸ਼ ਦੇ ਸੁਪਨੇ ਦਿਖਾ ਕੇ ਆਪਣੇ ਜਾਲ ਵਿਚ ਫਸਾਉਂਦੇ ਹਨ, ਜੋ ਕਿ ਬਹੁਤ ਹੀ ਚਿੰਤਾਜਨਕ ਹੈ। ਵਿਕਾਸ ਕਪੂਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਜਨਤਕ ਸੁਰੱਖਿਆ ਐਕਟ ਪੀਐੱਸਏ ਤਹਿਤ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਸਮਾਜ ਵਿਚ ਇਕ ਮਜ਼ਬੂਤ ਅਤੇ ਸਪਸ਼ਟ ਸੁਨੇਹਾ ਜਾ ਸਕੇ। ਨਾਲ ਹੀ ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਆਪਣੇ ਆਂਢ-ਗੁਆਂਢ ਅਤੇ ਸ਼ਹਿਰਾਂ ਵਿਚ ਵਿਸ਼ੇਸ਼ ਕਮੇਟੀਆਂ ਬਣਾਈਆਂ ਜਾਣ ਜੋ ਸ਼ੱਕੀ ਗਤੀਵਿਧੀਆਂ ’ਤੇ ਨਜ਼ਰ ਰੱਖਣ ਅਤੇ ਪੁਲਿਸ-ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਲਿਆਉਣ। ਮੀਟਿੰਗ ਦੇ ਅੰਤ ’ਚ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਸਾਰੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੂੰ ਇਕਜੁੱਟ ਹੋ ਕੇ ਗਊ ਤਸਕਰੀ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਵਰਗੀਆਂ ਬੁਰਾਈਆਂ ਖ਼ਿਲਾਫ਼ ਸਾਂਝਾ ਮੋਰਚਾ ਬਣਾਉਣ ਦਾ ਸੱਦਾ ਦਿੱਤਾ ਗਿਆ ਤਾਂ ਜੋ ਪੰਜਾਬ ਦੀ ਸ਼ਾਂਤੀ, ਏਕਤਾ ਅਤੇ ਸੱਭਿਆਚਾਰਕ ਮਰਯਾਦਾ ਨੂੰ ਮਜ਼ਬੂਤੀ ਨਾਲ ਸੁਰੱਖਿਅਤ ਕੀਤਾ ਜਾ ਸਕੇ।