ਵਿਦਿਆਰਥੀਆਂ ਵਿੱਦਿਅਕ ਟੂਰ ਲਗਾਇਆ
ਐੱਸਐੱਫ਼ਸੀ ਆਈਟੀਆਈ ਤਿੰਨ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਦੌਰਾਨ ਹਾਜ਼ਰ ਹੈਲਥ ਅਫ਼ਸਰ।
Publish Date: Sun, 22 Mar 2026 03:28 PM (IST)
Updated Date: Mon, 23 Mar 2026 04:01 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਐੱਸਐੱਫ਼ਸੀ ਆਈਟੀਆਈ ਜਲਾਲਾਬਾਦ ਵੱਲੋਂ ਆਈਟੀਆਈ ਦੇ ਸਿੱਖਿਆਰਥੀਆਂ ਲਈ ਇਕ ਵਿਸ਼ਾਲ ਅਤੇ ਪ੍ਰੇਰਣਾਦਾਇਕ ਵਿੱਦਿਅਕ ਟੂਰ ਦਾ ਆਯੋਜਨ ਕੀਤਾ ਗਿਆ, ਜਿਸਦਾ ਮੁੱਖ ਉਦੇਸ਼ ਸਿਖਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਪ੍ਰਯੋਗਿਕ ਅਤੇ ਉਦਯੋਗਿਕ ਤਜਰਬੇ ਨਾਲ ਜੋੜਨਾ ਸੀ। ਇਹ ਟੂਰ ਸਿਖਿਆਰਥੀਆਂ ਲਈ ਬਹੁਤ ਹੀ ਲਾਭਦਾਇਕ ਅਤੇ ਜਾਣਕਾਰੀਭਰਪੂਰ ਸਾਬਤ ਹੋਇਆ।ਇਸ ਵਿੱਦਿਅਕ ਦੌਰੇ ਦੌਰਾਨ ਸਿਖਿਆਰਥੀਆਂ ਨੂੰ ਕਪੂਰਥਲਾ ਵਿਖੇ ਸਥਿਤ ਦੇਸ਼ ਦੀ ਪ੍ਰਸਿੱਧ ਰੇਲਵੇ ਕੋਚ ਫੈਕਟਰੀ ਦਾ ਦੌਰਾ ਕਰਵਾਇਆ ਗਿਆ, ਜੋ ਭਾਰਤੀ ਰੇਲਵੇ ਲਈ ਉੱਚ-ਗੁਣਵੱਤਾ ਵਾਲੇ ਕੋਚ ਤਿਆਰ ਕਰਨ ਲਈ ਜਾਣੀ ਜਾਂਦੀ ਹੈ। ਫੈਕਟਰੀ ਦੇ ਅਧਿਕਾਰੀਆਂ ਅਤੇ ਤਜ਼ੁਰਬੇਕਾਰ ਸਟਾਫ਼ ਵੱਲੋਂ ਸਿੱਖਿਆਰਥੀਆਂ ਨੂੰ ਫੈਕਟਰੀ ਦੇ ਇਤਿਹਾਸ, ਇਸਦੀ ਸਥਾਪਨਾ, ਵਿਕਾਸ ਅਤੇ ਦੇਸ਼ ਦੀ ਆਰਥਿਕਤਾ ਵਿਚ ਇਸ ਦੇ ਯੋਗਦਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਕੱਚੇ ਮਾਲ ਤੋਂ ਲੈ ਕੇ ਤਿਆਰ ਕੋਚ ਤੱਕ ਦੀ ਯਾਤਰਾ ਆਧੁਨਿਕ ਮਸ਼ੀਨਾਂ, ਕੰਪਿਊਟਰਾਈਜ਼ਡ ਸਿਸਟਮ ਅਤੇ ਉੱਚ ਤਕਨੀਕੀ ਮਿਆਰਾਂ ਦੇ ਅਧੀਨ ਪੂਰੀ ਕੀਤੀ ਜਾਂਦੀ ਹੈ। ਸਿਖਿਆਰਥੀਆਂ ਨੇ ਬਾਡੀ ਸ਼ਾਪ, ਪੇਂਟ ਸ਼ਾਪ, ਅਸੈਂਬਲੀ ਲਾਈਨ ਅਤੇ ਕੁਆਲਿਟੀ ਚੈੱਕ ਵਿਭਾਗਾਂ ਦਾ ਵੀ ਦੌਰਾ ਕੀਤਾ ਅਤੇ ਹਰ ਪੜਾਅ ਨੂੰ ਨਜ਼ਦੀਕ ਤੋਂ ਵੇਖਿਆ। ਇਸ ਮੌਕੇ ਕਾਲਜ ਦੇ ਸੀਐੱਮਡੀ ਐਡਵੋਕੇਟ ਅਭਿਸ਼ੇਕ ਜਿੰਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਸੰਸਥਾਨ ਦਾ ਮੁੱਖ ਟੀਚਾ ਸਿਰਫ਼ ਸਿੱਖਿਆ ਦੇਣਾ ਨਹੀਂ ਸਗੋਂ ਵਿਦਿਆਰਥੀਆਂ ਨੂੰ ਜੀਵਨ ਦੇ ਹਰੇਕ ਖੇਤਰ ਲਈ ਤਿਆਰ ਕਰਨਾ ਹੈ। ਅੱਜ ਦਾ ਯੁੱਗ ਮੁਕਾਬਲੇ ਦਾ ਯੁੱਗ ਹੈ, ਜਿੱਥੇ ਸਿਰਫ਼ ਕਿਤਾਬੀ ਗਿਆਨ ਕਾਫ਼ੀ ਨਹੀਂ ਹੁੰਦਾ। ਪ੍ਰੈਕਟੀਕਲ ਗਿਆਨ ਅਤੇ ਉਦਯੋਗਿਕ ਸਮਝ ਬਿਨ੍ਹਾਂ ਵਿਦਿਆਰਥੀ ਅੱਗੇ ਨਹੀਂ ਵੱਧ ਸਕਦੇ। ਆਈਟੀਆਈ ਦੇ ਪ੍ਰਿੰਸੀਪਲ ਮਨਜਿੰਦਰ ਸਿੰਘ ਸੇਖੋ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਐੱਸਐੱਫਸੀ ਗਰੁੱਪ ਆਫ਼ ਇੰਸਟੀਟਿਊਟ ਦੇ ਡਾਇਰੈਕਟਰ ਡਾ. ਏਐੱਸ. ਬੇਦੀ ਨੇ ਦੱਸਿਆ ਕਿ ਸੰਸਥਾ ਵੱਲੋਂ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਹੋਰ ਵਿੱਦਿਅਕ ਟੂਰ ਆਯੋਜਿਤ ਕੀਤੇ ਜਾਣਗੇ।