ਐੱਸ.ਐੱਫ.ਸੀ. ਇੰਸਟੀਚਿਊਟ ਆਫ਼ ਨਰਸਿੰਗ ਵੱਲੋਂ ਵਿਸ਼ਵ ਦਾਲਾਂ ਦਿਵਸ ਮਨਾਇਆ
ਐੱਸ.ਐੱਫ.ਸੀ. ਇੰਸਟੀਚਿਊਟਐੱਸ.ਐੱਫ.ਸੀ. ਇੰਸਟੀਚਿਊਟਐੱਸ.ਐੱਫ.ਸੀ. ਇੰਸਟੀਚਿਊਟ
Publish Date: Tue, 10 Feb 2026 04:39 PM (IST)
Updated Date: Tue, 10 Feb 2026 04:41 PM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਐੱਸ.ਐੱਫ.ਸੀ. ਇੰਸਟੀਚਿਊਟ ਆਫ਼ ਨਰਸਿੰਗ ਵੱਲੋਂ ਵਿਸ਼ਵ ਦਾਲਾਂ ਦਿਵਸ ਮੌਕੇ ’ਤੇ ਦਾਲਾਂ ਦੀ ਪੋਸ਼ਣਿਕ, ਵਾਤਾਵਰਣਕ ਅਤੇ ਖੇਤੀਬਾੜੀ ਮਹੱਤਤਾ ਨੂੰ ਉਜਾਗਰ ਕਰਨ ਲਈ ਵਿਸ਼ੇਸ਼ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਦਿਨ ਹਰ ਸਾਲ 10 ਫ਼ਰਵਰੀ ਨੂੰ ਵਿਸ਼ਵ ਪੱਧਰ ’ਤੇ ਮਨਾਇਆ ਜਾਂਦਾ ਹੈ, ਜਿਸ ਦਾ ਮੁੱਖ ਉਦੇਸ਼ ਖ਼ਾਦ ਸੁਰੱਖਿਆ ਨੂੰ ਮਜ਼ਬੂਤ ਕਰਨਾ ਅਤੇ ਟਿਕਾਊ ਵਿਕਾਸ ਵਿਚ ਦਾਲਾਂ ਦੀ ਅਹਿਮ ਭੂਮਿਕਾ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਐੱਸਐੱਫਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸੀਐੱਮਡੀ ਐਡਵੋਕੇਟ ਅਭਿਸ਼ੇਕ ਜਿੰਦਲ ਨੇ ਕਿਹਾ ਕਿ ਦਾਲਾਂ ਜਿਵੇਂ ਮਸਰ, ਰਾਜਮਾ, ਛੋਲਿਆਂ ਦੀ ਦਾਲ ਅਤੇ ਮਟਰ ਆਦਿ ਸਿਰਫ਼ ਪੋਸ਼ਣ ਨਾਲ ਭਰਪੂਰ ਹੀ ਨਹੀਂ ਸਗੋਂ ਇਹ ਟਿਕਾਊ ਖੇਤੀ ਅਤੇ ਵਾਤਾਵਰਣ ਸੰਰੱਖਣ ਲਈ ਵੀ ਬਹੁਤ ਲਾਭਕਾਰੀ ਹਨ। ਉਨ੍ਹਾਂ ਨੇ ਦੱਸਿਆ ਕਿ ਦਾਲਾਂ ਵਿਚ ਪ੍ਰੋਟੀਨ, ਫ਼ਾਇਬਰ ਅਤੇ ਹੋਰ ਅਹਿਮ ਪੋਸ਼ਕ ਤੱਤ ਹੁੰਦੇ ਹਨ ਜੋ ਮਨੁੱਖੀ ਸਿਹਤ ਲਈ ਬੇਹੱਦ ਜ਼ਰੂਰੀ ਹਨ। ਇਸ ਦੇ ਨਾਲ ਹੀ ਦਾਲਾਂ ਦੀਆਂ ਫ਼ਸਲਾਂ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੀਆਂ ਹਨ ਅਤੇ ਰਸਾਇਣਿਕ ਖਾਦਾਂ ਦੀ ਲੋੜ ਨੂੰ ਘਟਾਉਂਦੀਆਂ ਹਨ, ਜਿਸ ਨਾਲ ਵਾਤਾਵਰਣ ’ਤੇ ਪੈਣ ਵਾਲਾ ਬੋਝ ਘਟਦਾ ਹੈ। ਚੇਅਰਲੇਡੀ ਸ਼ੀਨਮ ਜਿੰਦਲ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਵਿਸ਼ਵ ਦਾਲਾਂ ਦਿਵਸ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਦਾਲਾਂ ਦੀ ਵਧੇਰੇ ਖ਼ਪਤ ਵੱਲ ਪ੍ਰੇਰਿਤ ਕਰਨਾ ਹੈ ਤਾਂ ਜੋ ਸਿਹਤਮੰਦ ਸਮਾਜ ਅਤੇ ਸਾਫ਼ ਸੁਥਰਾ ਵਾਤਾਵਰਣ ਤਿਆਰ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਦਾਲਾਂ ਨਾਲ ਭਰਪੂਰ ਖ਼ੁਰਾਕ ਅਪਣਾਉਣ ਨਾਲ ਸਰੀਰਕ ਤੰਦਰੁਸਤੀ ਵਿਚ ਸੁਧਾਰ ਹੁੰਦਾ ਹੈ ਅਤੇ ਨਾਲ ਹੀ ਧਰਤੀ ਦੀ ਸੁਰੱਖਿਆ ਵਿਚ ਵੀ ਯੋਗਦਾਨ ਪੈਂਦਾ ਹੈ। ਇਸ ਮੌਕੇ ਗਰੁੱਪ ਡਾਇਰੈਕਟਰ ਡਾ. ਏਐੱਸ ਬੇਦੀ, ਪ੍ਰਿੰਸਿਪਲ ਨਰਸਿੰਗ ਮੰਦੀਪ ਕੌਰ, ਪ੍ਰਿੰਸਿਪਲ ਆਈਟੀਆਈ ਮਨਜਿੰਦਰ ਸਿੰਘ ਸੇਖੋਂ, ਪ੍ਰਿੰਸਿਪਲ ਮੈਨੇਜਮੈਂਟ ਡਾ. ਨੇਹਾ ਮਹਾਜਨ, ਪ੍ਰਿੰਸਿਪਲ ਫਾਰਮੇਸੀ ਸਮੇਤ ਹੋਰ ਮਾਣਯੋਗ ਮਹਿਮਾਨ, ਫੈਕਲਿਟੀ ਮੈਂਬਰ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਰਹੇ। ਸਮਾਗਮ ਦੌਰਾਨ ਵਿਦਿਆਰਥੀਆਂ ਲਈ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ, ਜਿਨ੍ਹਾਂ ਰਾਹੀਂ ਉਨ੍ਹਾਂ ਨੂੰ ਰੋਜ਼ਾਨਾ ਜੀਵਨ ਵਿਚ ਦਾਲਾਂ ਦੇ ਲਾਭਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਸਮਾਰੋਹ ਦਾ ਸਮਾਪਨ ਇਕ ਇੰਟਰਐਕਟਿਵ ਸੈਸ਼ਨ ਨਾਲ ਹੋਇਆ, ਜਿਸ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਉਨ੍ਹਾਂ ਨੂੰ ਸਿਹਤਮੰਦ ਖਾਣ ਪੀਣ ਦੀਆਂ ਆਦਤਾਂ ਅਪਣਾਉਣ ਅਤੇ ਸਮਾਜ ਵਿਚ ਦਾਲਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਫ਼ੈਲਾਉਣ ਲਈ ਪ੍ਰੇਰਿਤ ਕੀਤਾ ਗਿਆ।