ਐੱਸਐੱਫਸੀ ਸਕੂਲ ਵੱਲੋਂ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਭੇਟ
ਜਲਾਲਾਬਾਦ (ਪੂਰਬ) ਵਿਚ ਸਿੱਖਿਆ ਦੇ ਖੇਤਰ
Publish Date: Fri, 03 Apr 2026 03:27 PM (IST)
Updated Date: Sat, 04 Apr 2026 04:01 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਜਲਾਲਾਬਾਦ (ਪੂਰਬ) ਵਿਚ ਸਿੱਖਿਆ ਦੇ ਖੇਤਰ ਵਿਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਪ੍ਰਸਿੱਧ ਸਿੱਖਿਆ ਸੰਸਥਾਨ ਐੱਸਐੱਫ਼ਸੀ ਕਾਨਵੈਂਟ ਸਕੂਲ ਵੱਲੋਂ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਬੜੇ ਹੀ ਉਤਸ਼ਾਹ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਅਹਿਸਾਸ ਨਾਲ ਕੀਤੀ ਗਈ। ਸਕੂਲ ਪ੍ਰਬੰਧਕਾਂ ਵੱਲੋਂ ਕਿੰਡਰਗਾਰਟਨ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ ਵੰਡ ਕੇ ਇਕ ਸ਼ਲਾਘਾਯੋਗ ਕਦਮ ਚੁੱਕਿਆ ਗਿਆ, ਜਿਸ ਨਾਲ ਨਾ ਸਿਰਫ਼ ਬੱਚਿਆਂ ਵਿਚ ਪੜ੍ਹਾਈ ਪ੍ਰਤੀ ਰੁਚੀ ਵਧੇਗੀ, ਸਗੋਂ ਮਾਪਿਆਂ ਨੂੰ ਵੀ ਆਰਥਿਕ ਰਾਹਤ ਮਿਲੇਗੀ। ਉਲੇਖਣਯੋਗ ਹੈ ਕਿ ਇਹ ਸੰਸਥਾ ਆਈਸੀਐੱਸਈ ਬੋਰਡ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਹੈ ਅਤੇ ਇਲਾਕੇ ਵਿਚ ਗੁਣਵੱਤਾ ਵਾਲੀ ਸਿੱਖਿਆ ਦੇ ਨਾਲ-ਨਾਲ ਨੈਤਿਕ ਮੁੱਲਾਂ ਨੂੰ ਪ੍ਰਮੁੱਖਤਾ ਦੇਣ ਲਈ ਮਸ਼ਹੂਰ ਹੈ। ਸਕੂਲ ਹਮੇਸ਼ਾ ਹੀ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਲਈ ਨਵੇਂ-ਨਵੇਂ ਉਪਰਾਲੇ ਕਰਦਾ ਆ ਰਿਹਾ ਹੈ। ਇਹ ਖ਼ਾਸ ਉਪਰਾਲਾ ਸਕੂਲ ਦੇ ਸਨਮਾਨਯੋਗ ਚੇਅਰਮੈਨ ਸ਼੍ਰੀ ਫਕੀਰ ਚੰਦ ਜੀ ਦੇ ਜਨਮ ਦਿਨ ਦੇ ਮੌਕੇ ਨਾਲ ਜੁੜਿਆ ਹੋਇਆ ਹੈ। ਇਸ ਮੌਕੇ ’ਤੇ ਸਕੂਲ ਦੇ ਸੀਐੱਮਡੀ ਅਭਿਸ਼ੇਕ ਜਿੰਦਲ ਵੱਲੋਂ ਪਹਿਲਾਂ ਕੀਤਾ ਗਿਆ ਵਾਅਦਾ ਅੱਜ ਪੂਰਾ ਕੀਤਾ ਗਿਆ। ਉਨ੍ਹਾਂ ਦੇ ਦਿਸ਼ਾ-ਨਿਰਦੇਸ਼ ਹੇਠ ਨਰਸਰੀ, ਐੱਲਕੇਜੀ ਅਤੇ ਯੂਕੇਜੀ ਕਲਾਸਾਂ ਦੇ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਵੰਡੀਆਂ ਗਈਆਂ, ਜਿਸ ਨਾਲ ਬੱਚਿਆਂ ਦੇ ਚਿਹਰਿਆਂ ’ਤੇ ਖੁਸ਼ੀ ਅਤੇ ਉਤਸ਼ਾਹ ਦੇ ਨਜ਼ਾਰੇ ਵੇਖਣ ਨੂੰ ਮਿਲੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮਨੀਸ਼ਾ ਕੋਸ਼ਿਕ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਮਨੁੱਖੀ ਜੀਵਨ ਦਾ ਸਭ ਤੋਂ ਅਹਿਮ ਅਧਾਰ ਹੈ ਅਤੇ ਛੋਟੀ ਉਮਰ ਵਿਚ ਹੀ ਮਿਹਨਤ ਅਤੇ ਅਨੁਸ਼ਾਸਨ ਦੀ ਆਦਤ ਪਾਉਣ ਨਾਲ ਭਵਿੱਖ ਵਿਚ ਵੱਡੀਆਂ ਸਫ਼ਲਤਾਵਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਇਸ ਦੌਰਾਨ ਸਕੂਲ ਦੇ ਸੀਐੱਮਡੀ ਅਭਿਸ਼ੇਕ ਜਿੰਦਲ, ਸ਼੍ਰੀਮਤੀ ਸ਼ੀਨਮ ਅਤੇ ਸਰੋਜ ਰਾਣੀ ਜਿੰਦਲ ਨੇ ਵੀ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਦੀਆਂ ਦਿਲੋਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਸਿੱਖਿਆ ਦੇ ਖੇਤਰ ਵਿਚ ਇਕ ਪ੍ਰੇਰਣਾਦਾਇਕ ਮਿਸਾਲ ਹੈ ਜੋ ਹੋਰ ਸੰਸਥਾਵਾਂ ਲਈ ਵੀ ਪ੍ਰੇਰਣਾ ਦਾ ਸਰੋਤ ਬਣ ਸਕਦਾ ਹੈ। ਇਹ ਕਦਮ ਸਾਬਤ ਕਰਦਾ ਹੈ ਕਿ ਸਕੂਲ ਸਿਰਫ਼ ਪਾਠਕ੍ਰਮ ਤੱਕ ਸੀਮਿਤ ਨਹੀਂ, ਸਗੋਂ ਸਮਾਜਿਕ ਭਲਾਈ ਅਤੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਵੀ ਪੂਰੀ ਤਰ੍ਹਾਂ ਵਚਨਬੱਧ ਹੈ।