ਮੋਗਾ ਵਿੱਚ ਕਾਨੂੰਨ-ਵਿਵਸਥਾ ਨੂੰ ਚੁਣੌਤੀ ਦੇ ਰਹੇ ਗ਼ੈਰਕਾਨੂੰਨੀ ਧੰਦਿਆਂ ਖ਼ਿਲਾਫ਼ ਪੁਲਿਸ ਨੇ ਇਕ ਵੱਡੀ ਕਾਰਵਾਈ ਕਰਦਿਆਂ ਅੰਮ੍ਰਿਤਸਰ ਰੋਡ ‘ਤੇ ਚੱਲ ਰਹੇ ਦੇਹ ਵਪਾਰ ਦੇ ਗੈਰਕਾਨੂੰਨੀ ਜਾਲ ਦਾ ਪਰਦਾਫਾਸ਼ ਕੀਤਾ ਹੈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਮੋਗਾ ਵਿੱਚ ਕਾਨੂੰਨ-ਵਿਵਸਥਾ ਨੂੰ ਚੁਣੌਤੀ ਦੇ ਰਹੇ ਗ਼ੈਰਕਾਨੂੰਨੀ ਧੰਦਿਆਂ ਖ਼ਿਲਾਫ਼ ਪੁਲਿਸ ਨੇ ਇਕ ਵੱਡੀ ਕਾਰਵਾਈ ਕਰਦਿਆਂ ਅੰਮ੍ਰਿਤਸਰ ਰੋਡ ‘ਤੇ ਚੱਲ ਰਹੇ ਦੇਹ ਵਪਾਰ ਦੇ ਗੈਰਕਾਨੂੰਨੀ ਜਾਲ ਦਾ ਪਰਦਾਫਾਸ਼ ਕੀਤਾ ਹੈ। ਮੰਗਲਵਾਰ ਦੁਪਹਿਰ ਬਾਅਦ ਥਾਣਾ ਮਹਿਣਾ ਪੁਲਿਸ ਅਤੇ ਪੀਸੀਆਰ ਟੀਮ ਵੱਲੋਂ ਕੀਤੀ ਗਈ ਸਾਂਝੀ ਛਾਪੇਮਾਰੀ ਦੌਰਾਨ ਇਕ ਕੋਠੀ ਵਿੱਚ ਲੰਮੇ ਸਮੇਂ ਤੋਂ ਚੱਲ ਰਹੇ ਇਸ ਧੰਦੇ ਨੂੰ ਬੇਨਕਾਬ ਕੀਤਾ ਗਿਆ।
ਪੁਲਿਸ ਟੀਮ ਨੇ ਮੌਕੇ ‘ਤੇ ਕਾਰਵਾਈ ਕਰਦਿਆਂ 14 ਲੜਕੀਆਂ ਅਤੇ 7 ਪੁਰਸ਼ਾਂ ਨੂੰ ਕਾਬੂ ਕੀਤਾ। ਹੈਰਾਨੀਜਨਕ ਤੌਰ ‘ਤੇ ਕਾਬੂ ਕੀਤੀਆਂ ਲੜਕੀਆਂ ਵਿੱਚੋਂ ਇਕ ਨਾਬਾਲਗ ਵੀ ਪਾਈ ਗਈ, ਜਿਸ ਨਾਲ ਮਾਮਲੇ ਦੀ ਗੰਭੀਰਤਾ ਹੋਰ ਵੱਧ ਗਈ ਹੈ। ਪੁਲਿਸ ਨੇ ਤੁਰੰਤ ਸਾਰੇ ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।
ਇਸ ਮੌਕੇ ਡੀਐੱਸਪੀ ਧਰਮਕੋਟ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਮਹਿਣਾ ਦੇ ਮੁਖੀ ਗੁਰਸੇਵਕ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੋਗਾ-ਅੰਮ੍ਰਿਤਸਰ ਰੋਡ ‘ਤੇ ਸਥਿਤ ਇੱਕ ਕੋਠੀ ਨੂੰ ਹੋਟਲ ਦੇ ਰੂਪ ਵਿੱਚ ਵਰਤ ਕੇ ਗੈਰਕਾਨੂੰਨੀ ਦੇਹ ਵਪਾਰ ਚਲਾਇਆ ਜਾ ਰਿਹਾ ਹੈ। ਇਸ ਸੂਚਨਾ ਦੇ ਆਧਾਰ ‘ਤੇ ਤੁਰੰਤ ਪੁਲਿਸ ਟੀਮਾਂ ਬਣਾਕੇ ਯੋਜਨਾਬੱਧ ਢੰਗ ਨਾਲ ਛਾਪਾ ਮਾਰਿਆ ਗਿਆ।
ਇਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਕੋਠੀ ਦਾ ਮਾਲਕ ਇੱਕ ਪਿੰਡ ਦਾ ਰਹਿਣ ਵਾਲਾ ਹੈ ਜਦਕਿ ਇੱਥੇ ਚੱਲ ਰਹੇ ਹੋਟਲ ਦੀ ਦੇਖਭਾਲ ਹੋਰ ਕੋਈ ਕਰਦੇ ਸਨ ਪੁਲਿਸ ਅਨੁਸਾਰ ਇਹ ਗੈਰਕਾਨੂੰਨੀ ਧੰਦਾ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਸੀ ਅਤੇ ਇਸ ਵਿੱਚ ਹੋਰ ਲੋਕਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਛਾਪੇਮਾਰੀ ਦੌਰਾਨ ਕਾਬੂ ਕੀਤੀ ਗਈ ਨਾਬਾਲਗ ਲੜਕੀ ਦੀ ਪਛਾਣ ਉਸਦੇ ਆਧਾਰ ਕਾਰਡ ਰਾਹੀਂ ਹੋਈ ਹੈ। ਪੁਲਿਸ ਵੱਲੋਂ ਉਸ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸਦੇ ਬਿਆਨ ਦਰਜ ਕਰਵਾਏ ਜਾਣਗੇ। ਹੋਰ ਲੜਕੀਆਂ ਨੂੰ ਨਾਰੀ ਨਿਕੇਤਨ ਭੇਜਣ ਦੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੀ ਸੁਰੱਖਿਆ ਅਤੇ ਪੁਨਰਵਾਸ ਯਕੀਨੀ ਬਣਾਇਆ ਜਾ ਸਕੇ।
ਪੁਲਿਸ ਨੇ ਇਸ ਮਾਮਲੇ ਵਿੱਚ ਮੁੱਖ ਦੋਸ਼ੀਆਂ ਖ਼ਿਲਾਫ਼ ਮੋਰਲ ਟ੍ਰੈਫਿਕਿੰਗ ਐਕਟ ਸਮੇਤ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਹੈ ਅਤੇ ਹੋਰ ਸੰਬੰਧਿਤ ਵਿਅਕਤੀਆਂ ਦੀ ਭਾਲ ਜਾਰੀ ਹੈ। ਡੀਐਸਪੀ ਨੇ ਕਿਹਾ ਕਿ ਸ਼ਹਿਰ ਵਿੱਚ ਇਸ ਤਰ੍ਹਾਂ ਦੇ ਗੈਰਕਾਨੂੰਨੀ ਧੰਦਿਆਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਾਰੀ ਰਹਿਣਗੀਆਂ।
ਸ਼ਲਾਘਾਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮੋਗਾ ਦੇ ਬੁੱਗੀਪੁਰਾ ਚੌਕ ਨੇੜੇ ਕੁਝ ਹੋਟਲਾਂ ਵਿੱਚ ਚੱਲ ਰਹੇ ਅਜਿਹੇ ਗੈਰਕਾਨੂੰਨੀ ਧੰਦੇ ਦਾ ਪੁਲਿਸ ਵੱਲੋਂ ਪਰਦਾਫਾਸ਼ ਕੀਤਾ ਜਾ ਚੁੱਕਾ ਹੈ, ਜਿਸ ਨਾਲ ਸਪਸ਼ਟ ਹੁੰਦਾ ਹੈ ਕਿ ਪੁਲਿਸ ਵੱਲੋਂ ਇਸ ਮਾਮਲੇ ‘ਤੇ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।