ਵਿਭਾਗ ਨੇ ਜ਼ਿਲ੍ਹੇ ਨੂੰ ਟੀਬੀ ਮੁਕਤ ਕਰਨ ਲਈ ਮੁਹਿੰਮ ਤੇਜ਼ ਕੀਤੀ
ਸਿਵਲ ਸਰਜਨ ਮੋਗਾ ਡਾ ਰਮਨਦੀਪ ਸਿੰਗਲਾ
Publish Date: Thu, 16 Apr 2026 03:59 PM (IST)
Updated Date: Fri, 17 Apr 2026 04:00 AM (IST)

ਟੀਬੀ ਦੇ ਲੱਛਣ, ਜਾਂਚ ਤੇ ਇਲਾਜ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ ਸਟਾਫ ਰਿਪੋਰਟਰ ਪੰਜਾਬੀ ਜਾਗਰਣ ਮੋਗਾ : ਸਿਵਲ ਸਰਜਨ ਮੋਗਾ ਡਾ ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਅਤੇ ਗ੍ਰਾਮ ਪੰਚਾਇਤਾਂ ਵਿਚ ਚੱਲ ਰਹੀ 100-ਦਿਨੀ ਟੀਬੀ ਮੁਹਿੰਮ ਤਹਿਤ ਇੰਪੈਕਟ ਇੰਡੀਆ ਟੀਮ ਅਤੇ ਟੀਬੀ ਅਲਰਟ ਇੰਡੀਆ ਦੀਆਂ ਟੀਮਾਂ ਵੱਲੋਂ ਲਗਾਤਾਰ ਜਾਗਰੂਕਤਾ ਅਤੇ ਸਕ੍ਰੀਨਿੰਗ ਗਤੀਵਿਧੀਆਂ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਇਹ ਮੁਹਿੰਮ ਸਿਵਲ ਸਰਜਨ ਮੋਗਾ ਡਾ. ਆਰ. ਸਿੰਗਲਾ, ਜ਼ਿਲ੍ਹਾ ਟੀਬੀ ਅਫਸਰ ਡਾ. ਗੌਰਵਪ੍ਰੀਤ ਸਿੰਘ ਸੋਢੀ ਅਤੇ ਡਾ. ਜਸਜੀਤ ਕੌਰ ਗਿੱਲ ਦੇ ਮਾਰਗਦਰਸ਼ਨ ਹੇਠ ਚੱਲ ਰਹੀ ਹੈ, ਜਿਨ੍ਹਾਂ ਦੇ ਨੇਤ੍ਰਿਤਵ ਹੇਠ ਜ਼ਿਲ੍ਹੇ ਵਿਚ ਟੀਬੀ ਮੁਕਤ ਬਣਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਟੀਬੀ ਅਲਰਟ ਇੰਡੀਆ ਵੀ ਮੋਗਾ ਜ਼ਿਲ੍ਹੇ ਵਿਚ ਟੀਬੀ ਮੁਕਤ ਪੰਚਾਇਤ ਦਾ ਲਕਸ਼ ਪ੍ਰਾਪਤ ਕਰਨ ਲਈ ਸਰਗਰਮ ਤੌਰ ‘ਤੇ ਕੰਮ ਕਰ ਰਹੀ ਹੈ। ਇਸੇ ਸਿਲਸਿਲੇ ਵਿਚ ਸਿਵਲ ਹਸਪਤਾਲ ਮੋਗਾ ਵਿਚ ਐੱਸਟੀਐੱਲਐੱਸ ਜਸਬੀਰ ਸਿੰਘ ਕੋਟੀਆ ਵੱਲੋਂ ਓਪੀਡੀ ਵਿਚ ਆਏ ਲੋਕਾਂ ਨੂੰ ਟੀਬੀ ਦੇ ਲੱਛਣਾਂ, ਜਾਂਚ ਅਤੇ ਇਲਾਜ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਨੇ ਪਲਮੋਨਰੀ (ਪੀਟੀਬੀ) ਅਤੇ ਐਕਸਟਰਾ-ਪਲਮੋਨਰੀ (ਈਪੀਟੀਬੀ) ਟੀਬੀ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਦੌਰਾਨ ਲਗਪਗ 300 ਲੋਕਾਂ ਨੂੰ ਟੀਬੀ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਇੰਪੈਕਟ ਇੰਡੀਆ ਪ੍ਰੋਜੈਕਟ ਦੇ ਸਟੇਟ ਲੀਡ ਸ੍ਰੀ ਨੀਰਜ ਸਿੰਹਾ ਨੇ 100-ਦਿਨੀ ਟੀਬੀ ਮੁਹਿੰਮ ਦੇ ਮਹੱਤਵ ਬਾਰੇ ਦੱਸਦੇ ਹੋਏ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਕਮਜ਼ੋਰ ਅਤੇ ਸੰਵੇਦਨਸ਼ੀਲ ਵਰਗ ਦੀ ਪਛਾਣ ਕਰਕੇ ਉਨ੍ਹਾਂ ਦੀ ਸਮੇਂ-ਸਿਰ ਸਕ੍ਰੀਨਿੰਗ ਕਰਨੀ ਹੈ, ਤਾਂ ਜੋ ਟੀਬੀ ਦੇ ਮਾਮਲਿਆਂ ਦੀ ਜਲਦੀ ਪਛਾਣ ਕਰਕੇ ਇਲਾਜ ਯਕੀਨੀ ਬਣਾਇਆ ਜਾ ਸਕੇ। ਇੰਪੈਕਟ ਇੰਡੀਆ ਪ੍ਰੋਜੈਕਟ ਦੇ ਜ਼ਿਲ੍ਹਾ ਲੀਡ ਸੁਧੀਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਗ੍ਰਾਮ ਪੰਚਾਇਤ ਪੱਧਰ ‘ਤੇ ਸਿਹਤ ਵਿਭਾਗ ਅਤੇ ਪੀਆਰਆਈ ਵਿਭਾਗ ਨਾਲ ਮਿਲ ਕੇ ਸਮਨਵਯ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ, ਜਿਸ ਨਾਲ ਟੀਬੀ ਬਾਰੇ ਜਾਗਰੂਕਤਾ ਵਧਾਈ ਜਾ ਸਕੇ ਅਤੇ ਸਮੁਦਾਇਕ ਭਾਗੀਦਾਰੀ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਮੁਹਿੰਮ ਵਿਚ ਟੀਬੀ ਚੈਂਪੀਅਨ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਟੀਬੀ ਚੈਂਪੀਅਨ ਘਰ-ਘਰ ਜਾ ਕੇ ਸੰਭਾਵਿਤ ਮਰੀਜ਼ਾਂ ਦੀ ਪਛਾਣ ਕਰ ਰਹੇ ਹਨ, ਖਾਸ ਕਰਕੇ ਕਮਜ਼ੋਰ ਵਰਗਾਂ ਵਿਚ ਦਿਹਾਡ਼ੀਦਾਰ ਮਜ਼ਦੂਰ, ਬਜ਼ੁਰਗ, ਕੂਪੋਸ਼ਿਤ ਵਿਅਕਤੀ, ਧੂਮਰਪਾਨ ਕਰਨ ਵਾਲੇ ਅਤੇ ਉਹ ਲੋਕ ਜੋ ਪਹਿਲਾਂ ਟੀਬੀ ਨਾਲ ਪ੍ਰਭਾਵਿਤ ਰਹੇ ਹਨ। ਟੀਬੀ ਚੈਂਪੀਅਨ ਲੋਕਾਂ ਨੂੰ ਟੀਬੀ ਦੇ ਲੱਛਣਾਂ ਬਾਰੇ ਜਾਗਰੂਕ ਕਰ ਰਹੇ ਹਨ, ਉਨ੍ਹਾਂ ਨੂੰ ਮੁਫ਼ਤ ਜਾਂਚ ਲਈ ਪ੍ਰੇਰਿਤ ਕਰ ਰਹੇ ਹਨ ਅਤੇ ਸੰਦੇਹੀ ਮਾਮਲਿਆਂ ਨੂੰ ਨਜ਼ਦੀਕੀ ਸਿਹਤ ਕੇਂਦਰ ਤੱਕ ਪਹੁੰਚਾਉਣ ਵਿਚ ਮਦਦ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਇਲਾਜ ਲੈ ਰਹੇ ਮਰੀਜ਼ਾਂ ਦੀ ਨਿਯਮਿਤ ਫਾਲੋ-ਅਪ ਕਰਦੇ ਹਨ ਤਾਂ ਜੋ ਇਲਾਜ ਵਿਚਕਾਰ ਨਾ ਛੱਡਿਆ ਜਾਵੇ ਅਤੇ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਸਕੇ। ਇਹ ਮੁਹਿੰਮ ਨਾ ਸਿਰਫ਼ ਟੀਬੀ ਦੀ ਸਮੇਂ-ਸਿਰ ਪਛਾਣ ਅਤੇ ਇਲਾਜ ਯਕੀਨੀ ਬਣਾਉਂਦੀ ਹੈ, ਸਗੋਂ ਸਮਾਜ ਵਿਚ ਟੀਬੀ ਨਾਲ ਜੁੜੀਆਂ ਡਰ ਅਤੇ ਗਲਤਫ਼ਹਿਮੀਆਂ ਨੂੰ ਵੀ ਦੂਰ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਇਸ ਮੌਕੇ ਸੰਜੀਵ ਮਿਸ਼ਰਾ ਅਤੇ ਕਮਿਊਨਿਟੀ ਕੋਆਰਡੀਨੇਟਰ ਹੀਨਾ ਵੀ ਹਾਜ਼ਰ ਸਨ।