ਪੰਜਾਬ ਕੋ-ਐਜੂਕੇਸ਼ਨ ਸਕੂਲ ’ਚ ਸਕਾਲਰਸ਼ਿਪ ਟੈਸਟ ਹੋਇਆ
ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ
Publish Date: Sun, 05 Apr 2026 06:10 PM (IST)
Updated Date: Mon, 06 Apr 2026 04:05 AM (IST)

ਯਾਸਿਕਾ ਸੇਠੀ ਨੇ ਹਾਸਲ ਕੀਤਾ ਪਹਿਲਾ ਸਥਾਨ ਪਵਨ ਗਰਗ ਪੰਜਾਬੀ ਜਾਗਰਣ ਬਾਘਾਪੁਰਾਣਾ : ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਪੰਜਾਬ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਾਣਾ ਵਿਖੇ ਗਿਆਰ੍ਹਵੀਂ ਸ਼੍ਰੇਣੀ ਦੇ ਦਾਖਲਿਆਂ ਲਈ ਸਕਾਲਰਸ਼ਿਪ ਟੈਸਟ ਕਰਵਾਇਆ ਗਿਆ। ਸੰਸਥਾ ਦੇ ਬਾਨੀ ਸਵਰਗਵਾਸੀ ਪ੍ਰਿੰਸੀਪਲ ਗੁਰਦੇਵ ਸਿੰਘ ਦੇ ਅਸ਼ੀਰਵਾਦ ਅਤੇ ਮੌਜੂਦਾ ਪ੍ਰਿੰਸੀਪਲ ਸੰਦੀਪ ਮਹਿਤਾ ਦੀ ਯੋਗ ਅਗਵਾਈ ਹੇਠ ਸਕੂਲ ਨਿਰੰਤਰ ਤਰੱਕੀ ਕਰਦਾ ਹੋਇਆ ਨਵੀਆਂ ਮੰਜ਼ਿਲਾਂ ਹਾਸਲ ਕਰ ਰਿਹਾ ਹੈ। ਇਸ ਸਕਾਲਰਸ਼ਿਪ ਟੈਸਟ ਵਿੱਚ ਵੱਖ-ਵੱਖ ਸਕੂਲਾਂ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਸੰਸਥਾ ਵੱਲੋਂ ਬੱਚਿਆਂ ਦੇ ਉੱਜਵਲ ਭਵਿੱਖ ਲਈ ਕੀਤੇ ਜਾ ਰਹੇ ਯਤਨਾਂ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ। ਟੈਸਟ ਦਾ ਮੁੱਖ ਉਦੇਸ਼ ਪੜ੍ਹਾਈ ਵਿਚ ਹੋਸ਼ਿਆਰ ਅਤੇ ਹੁਨਰਮੰਦ ਵਿਦਿਆਰਥੀਆਂ ਦੀ ਆਰਥਿਕ ਸਹਾਇਤਾ ਕਰਨਾ ਅਤੇ ਉਨ੍ਹਾਂ ਨੂੰ ਭਵਿੱਖ ਦੀਆਂ ਮੁਕਾਬਲਾਤੀ ਪ੍ਰੀਖਿਆਵਾਂ ਲਈ ਤਿਆਰ ਕਰਨਾ ਹੈ। ਇਸ ਮੌਕੇ ਵਿਦਿਆਰਥੀਆਂ ਦੀ ਰਹਿਨੁਮਾਈ ਲਈ ਇਕ ਵਿਸ਼ੇਸ਼ ਸੈਮੀਨਾਰ ਵੀ ਆਯੋਜਿਤ ਕੀਤਾ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾਇਰੈਕਟਰ ਅਤੇ ਪ੍ਰਿੰਸੀਪਲ ਸੰਦੀਪ ਮਹਿਤਾ ਨੇ ਵਿਦਿਆਰਥੀਆਂ ਨੂੰ ਗਿਆਰ੍ਹਵੀਂ ਕਲਾਸ ਵਿੱਚ ਵਿਸ਼ਿਆਂ ਦੀ ਚੋਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਿਹੜੇ ਵਿਸ਼ੇ ਉਨ੍ਹਾਂ ਦੇ ਭਵਿੱਖ ਲਈ ਜ਼ਿਆਦਾ ਲਾਭਦਾਇਕ ਸਾਬਤ ਹੋ ਸਕਦੇ ਹਨ। ਇਸ ਦੇ ਨਾਲ ਹੀ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਆਈਆਈਟੀ, ਜੇਈਈ, ਐੱਨਡੀਏ, ਨੀਟ ਅਤੇ ਬੀਐੱਸਸੀ ਆਦਿ ਮੁਕਾਬਲਿਆਂ ਲਈ ਵੀ ਵਿਸ਼ੇਸ਼ ਤਿਆਰੀ ਕਰਵਾਈ ਜਾਵੇਗੀ, ਜਿਸ ਲਈ ਤਜਰਬੇਕਾਰ ਅਧਿਆਪਕ ਮੁਹੱਈਆ ਕਰਵਾਏ ਜਾਣਗੇ। ਸਕਾਲਰਸ਼ਿਪ ਟੈਸਟ ਦੇ ਨਤੀਜਿਆਂ ਵਿੱਚ ਯਾਸਿਕਾ ਸੇਠੀ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਇੰਦਰਜੀਤ ਸਿੰਘ ਅਤੇ ਸਹਿਜਪ੍ਰੀਤ ਕੌਰ ਨੇ ਸਾਂਝੇ ਤੌਰ ’ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਤੀਜੇ ਸਥਾਨ ’ਤੇ ਅਨੂਪਬੀਰ ਕੌਰ ਅਤੇ ਏਕਮਨੂਰ ਕੌਰ ਰਹੇ। ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 30,000 ਰੁਪਏ, ਦੂਜੇ ਸਥਾਨ ਵਾਲਿਆਂ ਨੂੰ 20,000 ਰੁਪਏ ਅਤੇ ਤੀਜੇ ਸਥਾਨ ਵਾਲਿਆਂ ਨੂੰ 10,000 ਰੁਪਏ ਦੀ ਸਕਾਲਰਸ਼ਿਪ ਦਿੱਤੀ ਗਈ, ਜਦਕਿ ਚੌਥੇ ਸਥਾਨ ਲਈ 7,000 ਰੁਪਏ ਦਾ ਇਨਾਮ ਰੱਖਿਆ ਗਿਆ। ਇਸ ਤੋਂ ਇਲਾਵਾ 10ਵੀਂ ਕਲਾਸ ਵਿੱਚ 95 ਫੀਸਦੀ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ 10,000 ਰੁਪਏ ਦੀ ਸਕਾਲਰਸ਼ਿਪ ਦੇਣ ਦਾ ਵੀ ਐਲਾਨ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸੰਦੀਪ ਮਹਿਤਾ ਨੇ ਸਵ. ਗੁਰਦੇਵ ਸਿੰਘ ਦੀ ਯਾਦ ਵਿਚ ਗੁਰਦੇਵ ਸਿੰਘ ਮੈਮੋਰੀਅਲ ਸਕਾਲਰਸ਼ਿਪ ਟੈਸਟ ਦੀ ਘੋਸ਼ਣਾ ਕੀਤੀ, ਜੋ ਹਰ ਸਾਲ 24 ਮਾਰਚ ਨੂੰ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਕਰਵਾਇਆ ਜਾਵੇਗਾ ਅਤੇ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ। ਇਸ ਮੌਕੇ ਸਕੂਲ ਦੇ ਕੋਆਰਡੀਨੇਟਰ ਮੁਕੇਸ਼ ਅਰੋੜਾ ਨੇ ਮਾਪਿਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਸਮਾਗਮ ਦੌਰਾਨ ਐਡਵੋਕੇਟ ਰਾਜਾ ਸਿੰਘ, ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ, ਮੈਡਮ ਸੁਧਾ ਮਹਿਤਾ, ਮੈਡਮ ਖੁਸ਼ਪ੍ਰੀਤ ਕੌਰ ਸਮੇਤ ਸਮੂਹ ਸਟਾਫ਼ ਮੌਜੂਦ ਸੀ। ਅੰਤ ਵਿਚ ਜਾਣਕਾਰੀ ਦਿੱਤੀ ਗਈ ਕਿ ਗਿਆਰ੍ਹਵੀਂ ਕਲਾਸ ਦੀਆਂ ਜਮਾਤਾਂ 6 ਅਪ੍ਰੈਲ 2026, ਸੋਮਵਾਰ ਤੋਂ ਸ਼ੁਰੂ ਹੋਣਗੀਆਂ, ਜਿਸ ਨਾਲ ਨਵੇਂ ਸੈਸ਼ਨ ਦੀ ਸ਼ੁਰੂਆਤ ਹੋਵੇਗੀ।