ਜ਼ਿਲ੍ਹਾ ਮੋਗਾ ਦੇ ਸਰਪੰਚਾਂ ਨੇ ਕੀਤੀ ਮੀਟਿੰਗ
ਜ਼ਿਲ੍ਹਾ ਮੋਗਾ ਦੇ ਸਮੂਹ ਸਰਪੰਚਾਂ
Publish Date: Sat, 07 Mar 2026 04:36 PM (IST)
Updated Date: Sun, 08 Mar 2026 04:03 AM (IST)

ਅਵਤਾਰ ਸਿੰਘ ਪੰਜਾਬੀ ਜਾਗਰਣ, ਅਜੀਤਵਾਲ: ਜ਼ਿਲ੍ਹਾ ਮੋਗਾ ਦੇ ਸਮੂਹ ਸਰਪੰਚਾਂ ਵੱਲੋਂ ਅਹਿਮ ਮੀਟਿੰਗ ਕੀਤੀ ਗਈ, ਜਿਸ ’ਚ ਇਲਾਕੇ ਦੇ ਸਰਪੰਚ ਹਾਜ਼ਰ ਹੋਏ। ਜਿਸ ਦੌਰਾਨ ਹਾਜ਼ਰ ਅਹੁਦੇਦਾਰਾਂ ਵੱਲੋਂ ਮੀਟਿੰਗ ਦੌਰਾਨ ਅਹਿਮ ਵਿਚਾਰਾਂ ਵੀ ਕੀਤੀਆਂ ਗਈਆਂ। ਇਸ ਸਮੇਂ ਸਰਪੰਚ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਬੁੱਘੀਪੁਰਾ ਨੇ ਬੋਲਦਿਆਂ ਕਿਹਾ ਕਿ ਸਰਕਾਰ ਵੱਲੋਂ ਜੋ ਸਰਪੰਚਾਂ ਦਾ ਮਾਣ ਭੱਤਾ ਬੰਦ ਕੀਤਾ ਗਿਆ ਹੈ, ਉਹ ਬਿਲਕੁਲ ਗਲਤ ਹੈ ਕਿਉਂਕਿ ਜਿਵੇਂ ਬਾਕੀ ਅਹੁਦੇਦਾਰਾਂ ਨੂੰ ਉਨ੍ਹਾਂ ਦਾ ਬਣਦਾ ਮਾਣ ਸਨਮਾਨ ਮਿਲਦਾ ਹੈ, ਉਸੇ ਤਰ੍ਹਾਂ ਸਰਪੰਚਾਂ ਨੂੰ ਵੀ ਉਨ੍ਹਾਂ ਦਾ ਮਾਣ ਭੱਤਾ ਮਿਲਣਾ ਚਾਹੀਦਾ ਹੈ। ਜਿਸ ਉਪਰੰਤ ਯੂਨੀਅਨ ਦੇ ਖਜਾਨਚੀ ਤੇ ਸਰਪੰਚ ਬਲਜੀਤ ਸਿੰਘ ਚੁਗਾਵਾਂ ਨੇ ਬੋਲਦਿਆਂ ਕਿਹਾ ਕਿ ਅਕਸਰ ਹੀ ਆਪਾਂ ਦੇਖਦੇ ਹਾਂ ਕਿ ਜੇਕਰ ਕੋਈ ਵਾਰਦਾਤ ਹੁੰਦੀ ਹੈ ਤਾਂ ਬਿਨ੍ਹਾਂ ਵਜ੍ਹਾਂ ਸਰਪੰਚਾਂ ਨੂੰ ਉਨ੍ਹਾਂ ਵਿਚ ਸ਼ਾਮਲ ਕਰ ਲਿਆ ਜਾਂਦਾ ਹੈ। ਜਿਸ ਦੀ ਉਦਹਾਰਣ ਜ਼ਿਲ੍ਹਾ ਮੋਗਾ ਦੇ ਪਿੰਡ ਵਿਚ ਦੇਖਣ ਨੂੰ ਮਿਲੀ ਹੈ ਕਿ ਕਤਲ ਦੇ ਕੇਸ ਵਿਚ ਦੋ ਸਰਪੰਚਾ ਨੂੰ ਨਾਮਜ਼ਦ ਕੀਤਾ ਗਿਆ ਹੈ ਜੋ ਕਿ ਸਰਾਸਰ ਗਲਤ ਹੈ ਪਰ ਹੁਣ ਸਾਡੀ ਸਰਪੰਚ ਯੂਨੀਅਨ ਇਸ ਤਰ੍ਹਾਂ ਦੇ ਧੱਕੇ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਜੇਕਰ ਆਉਣ ਵਾਲੇ ਸਮੇਂ ਵਿਚ ਵੀ ਸਾਡੀ ਕੋਈ ਸੁਣਵਾਈ ਨਾ ਕੀਤੀ ਗਈ ਜਾਂ ਸਾਡੇ ਅਧਿਕਾਰ ਸਾਡੇ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਸੀਂ ਸਰਕਾਰ ਅਤੇ ਪ੍ਰਸ਼ਾਸ਼ਨ ਦਾ ਵਿਰੋਧ ਕਰਾਂਗੇ ਅਤੇ ਆਪਣੇ ਹੱਕ ਲੈ ਕੇ ਰਹਾਂਗੇ। ਜਿਸ ਤੋਂ ਬਾਅਦ ਉਨ੍ਹਾਂ ਸਰਪੰਚਾਂ ਵੱਲੋਂ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਜਾ ਗ੍ਰਾਂਮ ਸਭਾ ਇਜਲਾਸ ਬਾਰੇ ਵੀ ਨਵੇਂ ਬਣੇ ਸਰਪੰਚਾਂ ਨੂੰ ਜਾਣੂੰ ਕਰਵਾਇਆ। ਜਿਸ ਤੋਂ ਬਾਅਦ ਸਾਰੇ ਹਾਜ਼ਰ ਇਲਾਕੇ ਦੇ ਸਰਪੰਚਾਂ ਨੇ ਹੋਣ ਵਾਲੇ ਧੱਕੇਸ਼ਾਹੀ ਦੇ ਖ਼ਿਲਾਫ਼ ਇਕਜੁੱਟ ਹੋ ਕੇ ਰਹਿਣ ਅਤੇ ਲੜਨ ਦਾ ਪ੍ਰਣ ਕੀਤਾ। ਇਸ ਸਮੇਂ ਅਮਨਦੀਪ ਸਿੰਘ, ਜਸਵੰਤ ਸਿੰਘ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਮਨਿੰਦਰ ਸਿੰਘ, ਰਣਧੀਰ ਸਿੰਘ, ਸਿਵਰਾਜ ਸਿੰਘ ਢਿੱਲੋ, ਗੁਰਤੇਜ ਸਿੰਘ, ਜਗਦੇਵ ਸਿੰਘ, ਹਰਦਿਆਲ ਸਿੰਘ, ਅਕਾਸ਼ਪ੍ਰੀਤ ਸਿੰਘ, ਲਖਵੀਰ ਸਿੰਘ, ਹਰਜਿੰਦਰ ਸਿੰਘ, ਗੁਰਚਰਨ ਸਿੰਘ, ਬਲਵੀਰ ਸਿੰਘ, ਜਗਜੀਤ ਸਿੰਘ, ਗੁਰਵਿੰਦਰ ਸਿੰਘ, ਸਤਵੰਤ ਸਿੰਘ, ਲਖਵੀਰ ਸਿੰਘ, ਮਨਦੀਪ ਸਿੰਘ ਅਤੇ ਗੁਰਸ਼ਰਨ ਸਿੰਘ ਆਦਿ ਹਾਜ਼ਰ ਸਨ।