ਰੈਲੀ ਦੀ ਸਫ਼ਲਤਾ ਲਈ ਵਰਕਰਾਂ ਤੇ ਆਗੂਆਂ ਦਾ ਕੀਤਾ ਧੰਨਵਾਦ
ਬੀਤੇ ਦਿਨ 22 ਮਾਰਚ ਨੂੰ ਮੋਗਾ
Publish Date: Mon, 23 Mar 2026 03:54 PM (IST)
Updated Date: Tue, 24 Mar 2026 03:59 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਬੀਤੇ ਦਿਨ 22 ਮਾਰਚ ਨੂੰ ਮੋਗਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਪੰਜਾਬ ਬਚਾਓ ਰੈਲੀ ਦੀ ਸਫ਼ਲਤਾ ਲਈ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਨੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬੇਹੱਦ ਰਿਣੀਂ ਹਨ ਆਗੂਆਂ ਤੇ ਵਰਕਰਾਂ ਦੇ ਜਿੰਨ੍ਹਾਂ ਦੀ ਮਿਹਨਤ ਸਦਕਾ ਮੋਗਾ ਹਲਕੇ ਦੀ ਰੈਲੀ ਇਕੱਠ ਪੱਖੋਂ ਇਤਿਹਾਸ ਸਿਰਜ ਗਈ। ਸੰਜੀਤ ਸਿੰਘ ਸੰਨੀ ਗਿੱਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਂਦਿਆਂ ਹੀ ਜਿੱਥੇ ਮੋਗਾ ਹਲਕੇ ਦੇ ਪਿੰਡਾਂ ਵਿਚ ਵਿਕਾਸ ਦੀ ਹਨ੍ਹੇਰੀ ਲਿਆਂਦੀ ਜਾਵੇਗੀ, ਉੱਥੇ ਮੋਗਾ ਸ਼ਹਿਰ ਵਾਸੀਆਂ ਨੂੰ ਜੋ ਸਮੱਸਿਆਵਾਂ ਆ ਰਹੀਆਂ ਹਨ, ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਇਆ ਜਾਵੇਗਾ। ਸੰਨੀ ਗਿੱਲ ਨੇ ਕਿਹਾ ਕਿ ਜੋ ਮੋਗਾ ਸ਼ਹਿਰ ਦਾ ਵਿਕਾਸ ਹੋਇਆ ਹੈ, ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ ਅਤੇ ਲੰਘੀਆਂ ਸਰਕਾਰਾਂ ਮੌਜੂਦਾ ਆਪ ਸਰਕਾਰ ਦੇ ਰਾਜ ਵਿਚ ਲੋਕਾਂ ਦੀ ਸਹੂਲਤ ਲਈ ਕੋਈ ਵੀ ਵੱਡਾ ਪ੍ਰੋਜੈਕਟ ਨਹੀਂ ਲਗਾਇਆ ਗਿਆ ਜਿਸ ਨੂੰ ਵਿਕਾਸ ਦਾ ਨਾਂ ਦਿੱਤਾ ਜਾਏ। ਉਨ੍ਹਾਂ ਕਿਹਾ ਕਿ ਅੱਜ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਉਤਾਵਲੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਇਕ ਅਜਿਹੀ ਖੇਤਰੀ ਪਾਰਟੀ ਹੈ ਜਿਸਨੇ ਹਮੇਸ਼ਾਂ ਪੰਜਾਬ ਦੇ ਭਲੇ ਦੀ ਗੱਲ ਕੀਤੀ ਹੈ ਅਤੇ ਸੂਬੇ ਦਾ ਵਿਕਾਸ ਪਹਿਲੀ ਤਰਜੀਹ। ਸੰਨੀ ਗਿੱਲ ਨੇ ਕਿਹਾ ਕਿ ਜ਼ਿਲ੍ਹਾ ਮੋਗਾ ਵਿਚ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਇਕਜੁਟ ਅਤੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਦੀ ਅਗਵਾਈ ਵਿਚ ਲਗਾਤਾਰ ਮਜ਼ਬੂਤੀ ਵੱਲ ਵਧ ਰਿਹਾ ਹੈ।