ਰਾਇਲ ਕੌਨਵੈਂਟ ਸਕੂਲ ਦੇ ਬੱਚਿਆਂ ਨੇ ਮਾਰੀਆਂ ਮੱਲਾਂ
ਸਥਾਨਕ ਇਲਾਕੇ ਦੀ ਨਾਮਵਰ ਵਿਦਿਅਕ
Publish Date: Thu, 16 Apr 2026 04:54 PM (IST)
Updated Date: Fri, 17 Apr 2026 04:06 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ : ਸਥਾਨਕ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਰਾਇਲ ਕੌਨਵੈਂਟ ਸਕੂਲ ਨਿਹਾਲ ਸਿੰਘ ਵਾਲਾ ਦਾ ਸੀਬੀਐੱਸਈ ਬੋਰਡ ਵੱਲੋਂ ਐਲਾਨਿਆ ਦਸਵੀਂ ਸ੍ਰੇਣੀ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਮਨਸੀਰਤ ਕੌਰ ਅਤੇ ਰਿਧੀ ਨੇ 99 ਫੀਸਦੀ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦੀ ਨਵੀਆਂ ਉਪਲਬਧੀਆਂ ਹਾਸਲ ਕਰਨ ਵਾਲੀ ਰੀਤ ਨੂੰ ਅਗਾਂਹ ਵਧਾਇਆ। ਇਸ ਤੋਂ ਇਲਾਵਾ ਜੈਸਮੀਨ ਕੌਰ ਅਤੇ ਮਨੀਸ਼ਾ ਨੇ 98.4 ਫੀਸਦੀ ਅੰਕ ਹਾਸਲ ਕਰਕੇ ਦੂਜਾ ਅਤੇ ਕੋਮਲਵੀਰ ਕੌਰ ਨੇ 98.2 ਫੀਸਦੀ ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ। ਵਿਸ਼ੇਸ਼ ਵਰਨਨ ਯੋਗ ਹੈ ਕਿ ਸਕੂਲ ਦੇ 15 ਵਿਦਿਆਰਥੀਆਂ ਨੇ 95 ਫੀਸਦੀ ਤੋਂ ਉੱਪਰ ਅਤੇ 32 ਵਿਦਿਆਰਥੀਆਂ ਨੇ 90 ਫੀਸਦੀ ਤੋਂ ਉੱਪਰ ਅਤੇ 50 ਤੋਂ ਵੱਧ ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅੰਕ ਹਾਸਲ ਕਰਕੇ ਸਕੂਲ ਦੇ ਨਾਂ ਨੂੰ ਚਾਰ ਚੰਨ ਲਗਾਏ। ਇਸ ਖੁਸ਼ੀ ਦੇ ਮੌਕੇ ਸਕੂਲ ਦੇ ਚੇਅਰਮੈਨ ਗੁਰਦੀਪ ਸਿੰਘ ਵਾਲੀਆ, ਮੈਨੇਜਰ ਮੈਡਮ ਸੋਨਿਕਾ ਵਾਲੀਆ, ਵਾਈਸ ਚੇਅਰਮੈਨ ਨਿਖਿਲ ਵਾਲੀਆ, ਐੱਚਆਰ ਮੈਨੇਜਰ ਮੈਡਮ ਨਿਧੀ ਵਾਲੀਆ, ਪ੍ਰਿੰਸੀਪਲ ਭਰਤ ਕਾਲੀਆ ਅਤੇ ਵਾਈਸ ਪ੍ਰਿੰਸੀਪਲ ਰੇਖਾ ਭੰਡਾਰੀ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨਾਂ ਨੂੰ ਉਨ੍ਹਾਂ ਦੀ ਇਸ ਸਫਲਤਾ ਲਈ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਇਸ ਸਫਲਤਾ ਦਾ ਕਾਰਨ ਜਿੱਥੇ ਵਿਦਿਆਰਥੀਆਂ ਦੀ ਆਪਣੀ ਮਿਹਨਤ ਹੈ ਉੱਥੇ ਨਾਲ ਹੀ ਸਾਡੇ ਯੋਗ ਅਤੇ ਹੋਣਹਾਰ ਅਧਿਆਪਕਾਂ ਦਾ ਸਹੀ ਦਿਸ਼ਾ ਨਿਰਦੇਸ਼ ਅਤੇ ਵਿਦਿਆਰਥੀਆਂ ਦੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ।