ਰੋਟਰੀ ਕਲੱਬ ਮੋਗਾ ਰਾਇਲ ਵੱਲੋਂ ਬਿਰਧ ਆਸ਼ਰਮ ’ਚ ਸਾਮਾਨ ਭੇਟ
ਸਮਾਜਿਕ ਸੇਵਾ ਦੇ ਮੈਦਾਨ ਵਿਚ ਅਹਿਮ
Publish Date: Fri, 20 Mar 2026 03:33 PM (IST)
Updated Date: Sat, 21 Mar 2026 04:01 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਸਮਾਜਿਕ ਸੇਵਾ ਦੇ ਮੈਦਾਨ ਵਿਚ ਅਹਿਮ ਯੋਗਦਾਨ ਪਾਉਂਦੇ ਹੋਏ ਰੋਟਰੀ ਕਲੱਬ ਮੋਗਾ ਰਾਇਲ ਦੇ ਮੈਂਬਰਾਂ ਵੱਲੋਂ ਮਹਿਮੇਵਾਲਾ ਰੋਡ ’ਤੇ ਸਥਿਤ ਬਿਰਧ ਆਸ਼ਰਮ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਕਲੱਬ ਮੈਂਬਰਾਂ ਨੇ ਆਸ਼ਰਮ ਵਿਚ ਰਹਿੰਦੇ ਬਜ਼ੁਰਗਾਂ ਲਈ ਖਾਣ-ਪੀਣ ਅਤੇ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਵਸਤਾਂ ਭੇਂਟ ਕਰਦਿਆਂ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ। ਇਸ ਮੌਕੇ ਕਲੱਬ ਦੇ ਮੈਂਬਰਾਂ ਨੇ ਆਸ਼ਰਮ ਵਿਚ ਪਹੁੰਚ ਕੇ ਬਜ਼ੁਰਗਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਅਤੇ ਕੁਝ ਸਮਾਂ ਉਨ੍ਹਾਂ ਦੇ ਨਾਲ ਬਿਤਾਇਆ। ਇਸ ਮੌਕੇ ਆਸ਼ਰਮ ਪ੍ਰਬੰਧਕਾਂ ਦੀ ਮੰਗ ਅਨੁਸਾਰ ਦਾਲਾਂ, ਨਹਾਉਣ ਵਾਲਾ ਸਾਬਣ, ਡਿਟਰਜੈਂਟ ਪਾਊਡਰ, ਅਚਾਰ, ਚਾਹ ਲਈ ਸਟੀਲ ਦੇ ਮੱਗ ਅਤੇ ਗੈਸ ਦੀ ਕਮੀ ਨੂੰ ਧਿਆਨ ਵਿੱਚ ਰੱਖਦਿਆਂ ਇੰਡਕਸ਼ਨ ਚੁੱਲ੍ਹਾ ਭੇਂਟ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਸੀਏ ਸੁਭਾਸ਼ ਬਾਂਸਲ, ਖਜ਼ਾਨਚੀ ਪਵਨ ਸਿੰਗਲਾ, ਪ੍ਰੋਜੈਕਟ ਚੇਅਰਮੈਨ ਸੂਰਜ ਮਿੱਤਲ ਨੇ ਦੱਸਿਆ ਕਿ ਆਸ਼ਰਮ ਦੇ ਸੇਵਾਦਾਰਾਂ ਵੱਲੋਂ ਕੁੱਝ ਜ਼ਰੂਰਤਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ। ਇਸ ਮੌਕੇ ਕਲੱਬ ਦੇ ਪ੍ਰਧਾਨ ਅਤੇ ਪ੍ਰੋਜੈਕਟ ਚੇਅਰਮੈਨ ਨੇ ਇਹ ਵੀ ਭਰੋਸਾ ਦਵਾਇਆ ਕਿ ਭਵਿੱਖ ਵਿਚ ਵੀ ਜੇਕਰ ਬਿਰਧ ਆਸ਼ਰਮ ਨੂੰ ਕਿਸੇ ਕਿਸਮ ਦੀ ਲੋੜ ਪੈਂਦੀ ਹੈ ਤਾਂ ਰੋਟਰੀ ਕਲੱਬ ਮੋਗਾ ਰਾਇਲ ਵੱਲੋਂ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਇਸ ਦੌਰਾਨ ਰੋਟੇਰੀਅਨ ਪਵਨ ਸਿੰਗਲਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹਰ ਕਿਸੇ ਨੂੰ ਆਪਣੇ ਕੀਮਤੀ ਸਮੇਂ ’ਚੋਂ ਕੁੱਝ ਸਮਾਂ ਕੱਢ ਕੇ ਬਿਰਧ ਆਸ਼ਰਮ ਜਾ ਕੇ ਬਜ਼ੁਰਗਾਂ ਨਾਲ ਮਿਲਣਾ ਚਾਹੀਦਾ ਹੈ। ਆਸ਼ਰਮ ਦੀ ਸੇਵਾਦਾਰ ਪੂਨਮ ਦੇਵੀ ਅਤੇ ਅਮਨ ਕੌਰ ਨੇ ਕਿਹਾ ਕਿ ਭਾਵੇਂ ਆਸ਼ਰਮ ਸ਼ਹਿਰ ਤੋਂ ਦੂਰ ਹੈ ਪਰ ਲੋਕਾਂ ਵਿਚ ਸੇਵਾ ਭਾਵਨਾ ਦੀ ਕੋਈ ਕਮੀ ਨਹੀਂ ਹੈ ਅਤੇ ਸਮੇਂ-ਸਮੇਂ ’ਤੇ ਲੋਕ ਬਜ਼ੁਰਗਾਂ ਦੀ ਸਹਾਇਤਾ ਲਈ ਅੱਗੇ ਆਉਂਦੇ ਰਹਿੰਦੇ ਹਨ। ਇਸ ਮੌਕੇ ਆਸ਼ਰਮ ਵਿਚ ਰਹਿੰਦੇ ਬਜ਼ੁਰਗਾਂ ਜਿਵੇਂ ਜੋਗਿੰਦਰ ਸਿੰਘ, ਦਲਜੀਤ ਸਿੰਘ, ਮਲਕੀਤ ਸਿੰਘ ਅਤੇ ਹੋਰ ਬਜ਼ੁਰਗ ਮਹਿਲਾਵਾਂ ਨੇ ਕਿਹਾ ਕਿ ਭਾਵੇਂ ਉਹ ਆਪਣੇ ਘਰਾਂ ਤੋਂ ਦੂਰ ਹਨ ਪਰ ਆਸ਼ਰਮ ਵਿਚ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਘਾਟ ਮਹਿਸੂਸ ਨਹੀਂ ਹੁੰਦੀ। ਉਨ੍ਹਾਂ ਨੇ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੀਆਂ ਮੁਲਾਕਾਤਾਂ ਉਨ੍ਹਾਂ ਨੂੰ ਹੌਸਲਾ ਦਿੰਦੀਆਂ ਹਨ ਅਤੇ ਜੀਵਨ ਵਿਚ ਨਵੀਂ ਉਮੀਦ ਜਗਾਉਂਦੀਆਂ ਹਨ।