- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੇਸ਼ ਦੀ ਆਜ਼ਾਦੀ ਲਈ ਆਪਣੀ ਜ਼ਿੰਦਗੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ: ਦੇਸ਼ ਦੀ ਆਜ਼ਾਦੀ ਲਈ ਆਪਣੀ ਜ਼ਿੰਦਗੀ ਕੁਰਬਾਨ ਕਰਨ ਵਾਲੇ ਮਹਾਨ ਇਨਕਲਾਬੀ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਪ੍ਰੋਗਰੈਸਿਵ ਏਜੰਟ ਫਾਰਮਰ ਐਸੋਸੀਏਸ਼ਨ ਵੱਲੋਂ ਪੰਜਾਬ ਪੱਧਰੀ ਸਲਾਨਾ ਸਮਾਗਮ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਹਾਲ ਮੋਗਾ ਵਿਖੇ ਸ਼ਰਧਾ, ਉਤਸ਼ਾਹ ਅਤੇ ਇਨਕਲਾਬੀ ਜਜ਼ਬੇ ਨਾਲ ਕਰਵਾਇਆ ਗਿਆ। ਇਸ ਵਿਸ਼ਾਲ ਇਕੱਠ ਵਿਚ ਸੂਬੇ ਭਰ ਤੋਂ ਆਏ ਏਜੰਟਾਂ, ਨੌਜਵਾਨਾਂ ਅਤੇ ਜੱਥੇਬੰਦੀ ਦੇ ਆਗੂਆਂ ਦੀ ਭਾਰੀ ਹਾਜ਼ਰੀ ਨੇ ਸਮਾਗਮ ਨੂੰ ਇਤਿਹਾਸਕ ਰੂਪ ਦੇ ਦਿੱਤਾ। ਸਮਾਗਮ ਦੌਰਾਨ ਮੁੱਖ ਬੁਲਾਰੇ ਸਰਵ ਭਾਰਤ ਨੌਜਵਾਨ ਸਭਾ ਦੇ ਆਲ ਇੰਡੀਆ ਸਕੱਤਰ ਸੁਖਜਿੰਦਰ ਮਹੇਸਰੀ ਨੇ ਆਪਣੇ ਜੋਸ਼ਿਲੇ ਸੰਬੋਧਨ ਵਿਚ ਸ਼ਹੀਦਾਂ ਦੇ ਇਨਕਲਾਬੀ ਵਿਚਾਰਾਂ ਨੂੰ ਵਿਸਥਾਰ ਨਾਲ ਰੱਖਦਿਆਂ ਕਿਹਾ ਕਿ ਭਗਤ ਸਿੰਘ ਸਿਰਫ਼ ਇਕ ਵਿਅਕਤੀ ਨਹੀਂ ਸਗੋਂ ਇਕ ਸੋਚ, ਇਕ ਫਲਸਫ਼ਾ ਅਤੇ ਇਕ ਇਨਕਲਾਬ ਦਾ ਪ੍ਰਤੀਕ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਵੀ ਸ਼ਹੀਦਾਂ ਦੀ ਸੋਚ ਨੌਜਵਾਨ ਪੀੜ੍ਹੀ ਲਈ ਰਾਹਦਾਰੀ ਦਾ ਕੰਮ ਕਰਦੀ ਹੈ ਅਤੇ ਹਰ ਨੌਜਵਾਨ ਨੂੰ ਆਪਣੇ ਹੱਕਾਂ ਲਈ ਸੰਗਠਿਤ ਹੋ ਕੇ ਆਵਾਜ਼ ਉਠਾਉਣੀ ਚਾਹੀਦੀ ਹੈ। ਉਨ੍ਹਾਂ ਨੇ ਆਧੁਨਿਕ ਦੌਰ ਦੇ ਵੱਡੇ ਵਿਸ਼ੇ ਆਰਟੀਫੀਸ਼ਲ ਇੰਟੈਲੀਜੈਂਸ (ਏਆਈ) ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿੱਥੇ ਇਹ ਤਕਨੀਕ ਮਨੁੱਖੀ ਜੀਵਨ ਨੂੰ ਆਸਾਨ ਬਣਾ ਰਹੀ ਹੈ, ਉੱਥੇ ਹੀ ਇਹ ਰੁਜ਼ਗਾਰ ਦੇ ਮੌਕਿਆਂ ’ਤੇ ਵੀ ਗੰਭੀਰ ਅਸਰ ਪਾ ਸਕਦੀ ਹੈ। ਇਸ ਲਈ ਸਮਾਜ ਨੂੰ ਚਾਹੀਦਾ ਹੈ ਕਿ ਉਹ ਇਸ ਤਕਨੀਕ ਨੂੰ ਸਮਝੇ, ਜਾਗਰੂਕ ਰਹੇ ਅਤੇ ਇਸ ਨਾਲ ਜੁੜੀਆਂ ਚੁਣੌਤੀਆਂ ਦਾ ਡਟ ਕੇ ਮੁਕਾਬਲਾ ਕਰਨ ਲਈ ਤਿਆਰ ਰਹੇ। ਇਸ ਮੌਕੇ ਪਾਫਾ ਦੇ ਸੂਬਾ ਪ੍ਰਧਾਨ ਬਾਦਲ ਸਿੰਘ ਨੇ ਜੱਥੇਬੰਦੀ ਦੀ ਤਾਕਤ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਕੱਠੇ ਹੋ ਕੇ ਹੀ ਹੱਕ ਹਾਸਲ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜੱਥੇਬੰਦੀ ਦੇ ਬਣਨ ਤੋਂ ਬਾਅਦ ਏਜੰਟਾਂ ਨੂੰ ਆਰਥਿਕ ਤੌਰ ’ਤੇ ਵੱਡਾ ਲਾਭ ਮਿਲਿਆ ਹੈ ਅਤੇ ਜੇਕਰ ਇਹ ਏਕਤਾ ਬਣੀ ਰਹੀ ਤਾਂ ਹਰ ਏਜੰਟ ਨੂੰ ਉਸਦਾ ਬਣਦਾ ਮਾਣ-ਸਤਿਕਾਰ ਅਤੇ ਹੱਕ ਮਿਲ ਸਕੇਗਾ। ਸਮਾਗਮ ਵਿਚ ਹੋਰ ਪ੍ਰਮੁੱਖ ਬੁਲਾਰਿਆਂ ਵਿਚ ਲਖਵਿੰਦਰ ਸਿੰਘ ਲਾਲੀ ਮੀਤ ਪ੍ਰਧਾਨ, ਰਕੇਸ਼ ਕੇਸ਼ੀ ਮੁੱਖ ਸਲਾਹਕਾਰ, ਸੰਦੀਪ ਸ਼ਰਮਾ ਸੂਬਾ ਸਕੱਤਰ, ਰਾਜਵਿੰਦਰ ਰਾਜਾ, ਹਰਕਿਸ਼ਨ ਲਾਲ, ਮਨਜੀਤ ਸਿੰਘ ਐੱਮਡੀ ਤਾਰਾ ਫੀਡ ਅਤੇ ਬੱਬੂ ਭਦੌੜ ਆਦਿ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਸਾਰੇ ਬੁਲਾਰਿਆਂ ਨੇ ਇਕ ਸੁਰ ਵਿਚ ਸ਼ਹੀਦਾਂ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਅਹਿਦ ਲਿਆ ਅਤੇ ਨੌਜਵਾਨਾਂ ਨੂੰ ਸਮਾਜਿਕ ਤੇ ਆਰਥਿਕ ਹੱਕਾਂ ਲਈ ਲੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵੱਖ ਵੱਖ ਇਲਾਕਿਆਂ ਤੋਂ ਆਏ ਜੱਥੇਬੰਦੀ ਦੇ ਪ੍ਰਧਾਨਾਂ ਅਤੇ ਖਜ਼ਾਨਚੀਆਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਸੰਸਕ੍ਰਿਤਿਕ ਰੰਗ ਭਰਦੇ ਹੋਏ ਅਜਮੇਰ ਸਿੰਘ ਆਕਲੀਆ ਅਤੇ ਹਰਭਜਨ ਸਿੰਘ ਬਿਲਾਸਪੁਰ ਵੱਲੋਂ ਪੇਸ਼ ਕੀਤੇ ਗਏ ਇਨਕਲਾਬੀ ਗੀਤਾਂ ਨੇ ਹਾਜ਼ਰੀਨ ਦੇ ਦਿਲਾਂ ਵਿਚ ਜੋਸ਼ ਅਤੇ ਦੇਸ਼ਭਗਤੀ ਦੀ ਭਾਵਨਾ ਨੂੰ ਹੋਰ ਪ੍ਰਗਟ ਕੀਤਾ। ਸਮਾਗਮ ਦੀ ਸਟੇਜ ਕਾਰਵਾਈ ਕਾਮਰੇਡ ਕੁਲਵੰਤ ਸਿੰਘ ਸਾਬਕਾ ਸਰਪੰਚ ਵੱਲੋਂ ਬੜੀ ਸੁਚੱਜੀ ਤਰ੍ਹਾਂ ਨਿਭਾਈ ਗਈ। ਇਸ ਮੌਕੇ ਸੂਬਾ ਕਮੇਟੀ ਦੇ ਮੈਂਬਰਾਂ ਸਮੇਤ ਵੱਡੀ ਗਿਣਤੀ ਵਿਚ ਏਜੰਟਾਂ ਦੀ ਹਾਜ਼ਰੀ ਨੇ ਜੱਥੇਬੰਦੀ ਦੀ ਮਜ਼ਬੂਤੀ ਦਾ ਸਪੱਸ਼ਟ ਸਬੂਤ ਦਿੱਤਾ।