ਦੋ ਕੁੜੀਆਂ ਦੀ ਪੜ੍ਹਾਈ ਦਾ ਖਰਚਾ ਆਪਣੇ ਸਿਰ ਲਿਆ
ਐੱਸਡੀ ਗਰਲਜ਼ ਸਕੂਲ ਦੀ ਰਿਟਾਇਰਡ
Publish Date: Thu, 09 Apr 2026 03:21 PM (IST)
Updated Date: Fri, 10 Apr 2026 03:59 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ: ਐੱਸਡੀ ਗਰਲਜ਼ ਸਕੂਲ ਦੀ ਰਿਟਾਇਰਡ ਅਧਿਆਪਕਾ ਨੀਲਮ ਸਿੰਗਲਾ ਵੱਲੋਂ ਸਮਾਜ ਸੇਵਾ ਦੀ ਇਕ ਪ੍ਰੇਰਣਾਦਾਇਕ ਮਿਸਾਲ ਪੇਸ਼ ਕੀਤੀ ਗਈ ਹੈ। ਉਨ੍ਹਾਂ ਨੇ ਆਪਣੇ ਪੁੱਤਰ ਲੋਵਿਸ਼ ਸਿੰਗਲਾ ਅਤੇ ਵਹੁਟੀ ਈਸ਼ਾ ਸਿੰਗਲਾ ਦੇ ਸਹਿਯੋਗ ਨਾਲ ਦੋ ਲੋੜਵੰਦ ਕੁੜੀਆਂ ਦੀ ਪੂਰੇ ਸਾਲ ਦੀ ਫ਼ੀਸ ਦਾ ਖ਼ਰਚਾ ਚੁੱਕਣ ਦਾ ਫ਼ੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ ਇਸ ਪਰਿਵਾਰ ਨੇ ਇਨ੍ਹਾਂ ਦੋਹਾਂ ਕੁੜੀਆਂ ਨੂੰ ਅਡਾਪਟ ਕਰਕੇ ਉਨ੍ਹਾਂ ਦੀ ਪੜ੍ਹਾਈ ਦੀ ਪੂਰੀ ਜ਼ਿੰਮੇਵਾਰੀ ਆਪਣੇ ਸਿਰ ਲਈ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉਨ੍ਰਾਂ ਨੇ ਇਹ ਸੇਵਾ ਜਾਰੀ ਰੱਖਦਿਆਂ ਵਚਨ ਦਿੱਤਾ ਕਿ ਭਵਿੱਖ ਵਿਚ ਵੀ ਲਗਾਤਾਰ ਇਨ੍ਹਾਂ ਬੱਚੀਆਂ ਦੀ ਸਿੱਖਿਆ ਵਿਚ ਕੋਈ ਵੀ ਰੁਕਾਵਟ ਨਹੀਂ ਆਉਣ ਦੇਣਗੇ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸੋਨੀਆ ਹਰਸ਼ ਨੇ ਕਿਹਾ ਕਿ ਕੁੜੀਆਂ ਨੂੰ ਸਿੱਖਿਆ ਦੇਣਾ ਸਮਾਜ ਅਤੇ ਦੇਸ਼ ਦੇ ਸਮੂਹਿਕ ਵਿਕਾਸ ਲਈ ਬਹੁਤ ਜ਼ਰੂਰੀ ਹੈ। ਸਿੱਖਿਆ ਪ੍ਰਾਪਤ ਕੁੜੀਆਂ ਨਾ ਸਿਰਫ਼ ਆਪਣੇ ਪੈਰਾਂ ’ਤੇ ਖੜ੍ਹੀਆਂ ਹੁੰਦੀਆਂ ਹਨ ਸਗੋਂ ਉਨ੍ਹਾਂ ਵਿਚ ਆਤਮਨਿਰਭਰਤਾ, ਸਸ਼ਕਤੀਕਰਨ ਅਤੇ ਆਤਮ ਵਿਸ਼ਵਾਸ ਦਾ ਵਿਕਾਸ ਹੁੰਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪੜ੍ਹੀਆਂ-ਲਿਖੀਆਂ ਕੁੜੀਆਂ ਸਿਹਤਮੰਦ ਪਰਿਵਾਰਾਂ ਦੀ ਨੀਂਹ ਰੱਖਦੀਆਂ ਹਨ, ਗਰੀਬੀ ਘਟਾਉਣ ਵਿਚ ਆਪਣਾ ਯੋਗਦਾਨ ਪਾਉਂਦੀਆਂ ਹਨ। ਇਸ ਤੋਂ ਇਲਾਵਾ ਉਹ ਆਰਥਿਕ ਤੌਰ ’ਤੇ ਮਜ਼ਬੂਤ ਬਣ ਕੇ ਦੇਸ਼ ਦੀ ਤਰੱਕੀ ਵਿਚ ਵੀ ਹਿੱਸਾ ਪਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਹਰ ਕੋਈ ਆਪਣੇ ਵੱਸ ਅਨੁਸਾਰ ਸਹਿਯੋਗ ਦੇਵੇ ਤਾਂ ਕਈ ਬੱਚਿਆਂ ਦਾ ਭਵਿੱਖ ਸੰਵਾਰਿਆ ਜਾ ਸਕਦਾ ਹੈ।