ਮਹਿਲਾ ਦਿਵਸ ਮੌਕੇ ਅਧਿਆਪਕਾਂ ਦਾ ਕੀਤਾ ਸਨਮਾਨ
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ
Publish Date: Thu, 12 Mar 2026 04:39 PM (IST)
Updated Date: Fri, 13 Mar 2026 04:03 AM (IST)

ਗੁਰਦੇਵ ਮਨੇਸ ਪੰਜਾਬੀ ਜਾਗਰਣ, ਕੋਟ ਈਸੇ ਖਾਂ: ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ’ਤੇ ਸਰਕਾਰੀ ਪ੍ਰਾਇਮਰੀ ਸਕੂਲ ਕੋਟ ਈਸੇ ਖਾਂ ਵਿਚ ਵਿਸ਼ੇਸ਼ ਸਮਾਗਮ ਦੌਰਾਨ ਸਕੂਲ ਦੀਆਂ ਮਿਹਨਤੀ ਅਤੇ ਸਮਰਪਿਤ ਅਧਿਆਪਿਕਾਵਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਸਕੂਲ ਦੇ ਸੀਐੱਚਟੀ ਕਿਰਨ ਲਤਾ ਅਤੇ ਅਧਿਆਪਿਕਾ ਮੰਜੂ ਬਾਲਾ ਨੂੰ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਅਤੇ ਸਿੱਖਿਆ ਖੇਤਰ ਵਿਚ ਕੀਤੇ ਜਾ ਰਹੇ ਉਤਕ੍ਰਿਸ਼ਟ ਯੋਗਦਾਨ ਲਈ ਸਨਮਾਨ ਦਿੱਤਾ ਗਿਆ। ਇਹ ਸਨਮਾਨ ਗੁਰਪ੍ਰੀਤ ਕੌਰ ਬਲਾਕ ਪ੍ਰਧਾਨ ਇਸਤਰੀ ਸਭਾ ਕੋਟ ਈਸੇ ਖਾਂ, ਕਮਲਜੀਤ ਕੌਰ ਅਤੇ ਰਿੰਪੀ ਗਰੇਵਾਲ ਸਮਾਜ ਸੇਵੀ ਮੋਗਾ ਵੱਲੋਂ ਸਾਂਝੇ ਤੌਰ ’ਤੇ ਪ੍ਰਦਾਨ ਕੀਤਾ ਗਿਆ। ਉਨ੍ਹਾਂ ਨੇ ਅਧਿਆਪਿਕਾਵਾਂ ਦੀ ਸੇਵਾ ਭਾਵਨਾ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਦੇਣ ਲਈ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ’ਤੇ ਗੁਰਪ੍ਰੀਤ ਕੌਰ ਨੇ ਕਿਹਾ ਕਿ ਮਹਿਲਾਵਾਂ ਹਰ ਖੇਤਰ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ ਅਤੇ ਸਿੱਖਿਆ ਖੇਤਰ ਵਿਚ ਮਹਿਲਾ ਅਧਿਆਪਿਕਾਵਾਂ ਦੀ ਭੂਮਿਕਾ ਬਹੁਤ ਹੀ ਅਹਿਮ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸਮਰਪਿਤ ਅਧਿਆਪਿਕਾਵਾਂ ਹੀ ਸਮਾਜ ਨੂੰ ਸਿੱਖਿਆਸ਼ੁਦਾ ਅਤੇ ਸਚੇਤ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਕਮਲਜੀਤ ਕੌਰ ਅਤੇ ਰਿੰਪੀ ਗਰੇਵਾਲ ਨੇ ਵੀ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅਧਿਆਪਕ ਸਮਾਜ ਦੀ ਨਿਰਮਾਤਾ ਸ਼ਕਤੀ ਹੁੰਦੇ ਹਨ ਅਤੇ ਉਨ੍ਹਾਂ ਦੀ ਮਿਹਨਤ ਨਾਲ ਹੀ ਦੇਸ਼ ਦਾ ਭਵਿੱਖ ਤਿਆਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੌਕਿਆਂ ’ਤੇ ਅਧਿਆਪਿਕਾਵਾਂ ਦਾ ਸਨਮਾਨ ਕਰਨਾ ਸਮਾਜ ਲਈ ਮਾਣ ਵਾਲੀ ਗੱਲ ਹੈ।