ਖੋਜ਼ ਅਫ਼ਸਰ ਬਿਮਲ ਕੁਮਾਰ ਡਾਕਟਰੇਟ ਦੀ ਉਪਾਧੀ ਨਾਲ ਸਨਮਾਨਿਤ
ਹਿੰਦੀ ਸਿੱਖਿਆ ਦੇ ਖੇਤਰ ਵਿਚ
Publish Date: Thu, 26 Feb 2026 03:55 PM (IST)
Updated Date: Fri, 27 Feb 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਹਿੰਦੀ ਸਿੱਖਿਆ ਦੇ ਖੇਤਰ ਵਿਚ ਮਹੱਤਵਪੂਰਨ ਅਤੇ ਲਗਾਤਾਰ ਯੋਗਦਾਨ ਲਈ ਭਾਸ਼ਾ ਵਿਭਾਗ ਮੋਗਾ ਦੇ ਖੋਜ਼ ਅਫ਼ਸਰ ਬਿਮਲ ਕੁਮਾਰ ਨੂੰ ਕਾਸ਼ੀ ਹਿੰਦੀ ਵਿਦਿਆਪੀਠ ਵੱਲੋਂ ਮਾਨਦ ਡਾਕਟਰੇਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਇਕ ਵਿਸ਼ਾਲ ਸਮਾਰੋਹ ਦੌਰਾਨ ਪ੍ਰਦਾਨ ਕੀਤਾ ਗਿਆ। ਇਸ ਸਮਾਰੋਹ ਵਿਚ ਕਾਸ਼ੀ ਹਿੰਦੀ ਵਿਦਿਆਪੀਠ ਦੇ ਕੁਲਪਤੀ, ਉੱਘੇ ਵਿਦਵਾਨ ਅਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਅਨੇਕਾਂ ਸਤਿਕਾਰਯੋਗ ਮਹਿਮਾਨ ਮੌਜੂਦ ਰਹੇ। ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਡਾ. ਬਿਮਲ ਕੁਮਾਰ ਨੇ ਹਿੰਦੀ ਸਿੱਖਿਆ ਦੇ ਪ੍ਰਸਾਰ ਅਤੇ ਸੱਭਿਆਚਾਰਕ ਮੁੱਲਾਂ ਦੀ ਸੁਰੱਖਿਆ ਲਈ ਲਗਾਤਾਰ ਅਤੇ ਪ੍ਰੇਰਣਾਦਾਇਕ ਕੰਮ ਕੀਤਾ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗਦਰਸ਼ਕ ਸਾਬਤ ਹੋਵੇਗਾ। ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਆਪਣੇ ਸੰਬੋਧਨ ਵਿਚ ਡਾ. ਬਿਮਲ ਕੁਮਾਰ ਨੇ ਵਿਦਿਆਪੀਠ ਪ੍ਰਸ਼ਾਸਨ ਅਤੇ ਚੋਣ ਕਮੇਟੀ ਪ੍ਰਤੀ ਆਪਣਾ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇਹ ਉਪਾਧੀ ਉਨ੍ਹਾਂ ਲਈ ਸਿਰਫ਼ ਨਿੱਜੀ ਸਨਮਾਨ ਨਹੀਂ, ਸਗੋਂ ਸਮਾਜ ਅਤੇ ਹਿੰਦੀ ਸਿੱਖਿਆ ਪ੍ਰਤੀ ਹੋਰ ਵੱਧ ਜ਼ਿੰਮੇਵਾਰੀ ਨਿਭਾਉਣ ਦੀ ਪ੍ਰੇਰਣਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਸਿੱਖਿਆ ਨੂੰ ਸੇਵਾ ਅਤੇ ਰਾਸ਼ਟਰ ਨਿਰਮਾਣ ਦਾ ਸ਼ਕਤੀਸ਼ਾਲੀ ਮਾਧਿਅਮ ਬਣਾਉਣ ਦੀ ਅਪੀਲ ਕੀਤੀ। ਅਲੋਕ ਚਾਵਲਾ ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਡਾ. ਅਜੀਤਪਾਲ ਸਿੰਘ ਜਟਾਣਾ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਗਾ, ਰਮਨਦੀਪ ਕਪਿਲ ਹੈੱਡਮਾਸਟਰ, ਰਿਸ਼ੀ ਮਨਚੰਦਾ ਹੈੱਡਮਾਸਟਰ, ਰਾਹੁਲ ਗੋਇਲ ਸਾਇੰਸ ਮਾਸਟਰ, ਡਾ. ਦੀਪਕ ਕੁਮਾਰ, ਨਵਦੀਪ ਸਿੰਘ, ਚਿਮਨ ਲਾਲ ਅਤੇ ਹੋਰ ਵਿਦਵਾਨਾਂ ਵੱਲੋਂ ਡਾ. ਬਿਮਲ ਕੁਮਾਰ ਨੂੰ ਇਸ ਉਪਲਬਧੀ ਲਈ ਵਧਾਈਆਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਗਈ।