ਈਟੀਟੀ 5994 ਅਧਿਆਪਕ ਯੂਨੀਅਨ ਦੀ ਸੂਬਾ ਕਮੇਟੀ ਦਾ ਪੁਨਰਗਠਨ
ਈਟੀਟੀ 5994 ਅਧਿਆਪਕ ਈਟੀਟੀ 5994 ਅਧਿਆਪਕ
Publish Date: Tue, 03 Feb 2026 06:05 PM (IST)
Updated Date: Wed, 04 Feb 2026 04:05 AM (IST)

15 ਫਰਵਰੀ ਨੂੰ ਸੰਗਰੂਰ ਰੈਲੀ ’ਚ ਭਰਵੀਂ ਸ਼ਮੂਲੀਅਤ ਦਾ ਐਲਾਨ, ਘਰਾਂ ਤੋਂ ਦੂਰ ਸੇਵਾ ਨਿਭਾ ਰਹੇ ਅਧਿਆਪਕਾਂ ਲਈ ਵਿਸ਼ੇਸ਼ ਬਦਲੀ ਮੌਕੇ ਦੀ ਮੰਗ ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਈਟੀਟੀ 5994 ਅਧਿਆਪਕ ਯੂਨੀਅਨ ਦੇ ਪ੍ਰਮੁੱਖ ਆਗੂਆਂ ਦੀ ਮੀਟਿੰਗ ਫ਼ਰੀਡਮ ਫ਼ਾਈਟਰ ਹਾਲ ਮੋਗਾ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਬੇਰੁਜ਼ਗਾਰੀ ਸਮੇਂ ਕੰਮ ਕਰ ਰਹੀ ਕਮੇਟੀ ਦਾ ਪੁਨਰਗਠਨ ਕਰਨ ਸਬੰਧੀ ਫ਼ੈਸਲਾ ਲਿਆ ਗਿਆ ਅਤੇ ਨਵੀਂ ਸੂਬਾ ਕਮੇਟੀ ਦਾ ਐਲਾਨ ਕੀਤਾ ਗਿਆ। ਪੁਨਰਗਠਿਤ ਕਮੇਟੀ ਅਨੁਸਾਰ ਬੱਗਾ ਖੁਡਾਲ, ਬਲਿਹਾਰ ਬੱਲੀ ਅਤੇ ਬੰਟੀ ਕੰਬੋਜ ਨੂੰ ਸੂਬਾ ਕਨਵੀਨਰ ਨਿਯੁੱਕਤ ਕੀਤਾ ਗਿਆ। ਇਸ ਤੋਂ ਇਲਾਵਾ ਆਦਰਸ਼ ਕੁਮਾਰ ਅਤੇ ਪਰਮਪਾਲ ਨੂੰ ਵਿੱਤ ਸਕੱਤਰ, ਰਮੇਸ਼ ਸਿੰਘ ਅਬਹੋਰ ਨੂੰ ਪ੍ਰੈੱਸ ਸਕੱਤਰ ਬਣਾਇਆ ਗਿਆ। ਕਮੇਟੀ ਵਿਚ ਕੁਲਵਿੰਦਰ ਬਰੇਟਾ, ਸੁਖਦੇਵ ਕੰਬੋਜ, ਪ੍ਰਗਟ ਬੋਹਾ, ਜਸਪ੍ਰੀਤ, ਪਵਨ ਸ੍ਰੀ ਮੁਕਤਸਰ ਸਾਹਿਬ ਅਤੇ ਹਰੀਸ਼ ਕੰਬੋਜ ਨੂੰ ਮੈਂਬਰ ਵਜੋਂ ਸ਼ਾਮਿਲ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਸੂਬਾ ਕਨਵੀਨਰਾਂ ਨੇ ਮੀਟਿੰਗ ਦੌਰਾਨ ਦੱਸਿਆ ਕਿ ਛੇਵੇਂ ਪੰਜਾਬ ਤਨਖ਼ਾਹ ਕਮਿਸ਼ਨ ਸਮੇਤ 15 ਫ਼ੀਸਦੀ ਵਾਧੇ ਅਨੁਸਾਰ ਪੰਜਾਬ ਤਨਖ਼ਾਹ ਸਕੇਲ ਲਾਗੂ ਕਰਵਾਉਣ, ਪੁਰਾਣੇ ਸਕੇਲ, ਪੈਨਸ਼ਨ ਅਤੇ ਭੱਤਿਆਂ ਦੀ ਬਹਾਲੀ ਲਈ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਘਰਾਂ ਤੋਂ ਦੂਰਦਰਾਜ਼ ਖੇਤਰਾਂ ਵਿਚ ਸੇਵਾ ਨਿਭਾ ਰਹੇ 5994 ਈਟੀਟੀ ਅਧਿਆਪਕਾਂ ਲਈ ਵਿਸ਼ੇਸ਼ ਬਦਲੀ ਮੌਕਾ ਮੁਹੱਈਆ ਕਰਵਾਉਣ ਦੀ ਮੰਗ ਨੂੰ ਵੀ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ। ਆਗੂਆਂ ਨੇ ਐਲਾਨ ਕੀਤਾ ਕਿ 15 ਫ਼ਰਵਰੀ ਨੂੰ ਪੁਰਾਣੇ ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚੇ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਨੇੜੇ ਸੰਗਰੂਰ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਵਿਚ ਪੰਜਾਬ ਭਰ ਤੋਂ 5994 ਈਟੀਟੀ ਅਧਿਆਪਕ ਭਰਵੀਂ ਸ਼ਮੂਲੀਅਤ ਕਰਨਗੇ। ਇਸ ਰੈਲੀ ਦੀ ਤਿਆਰੀ ਲਈ ਜ਼ਿਲ੍ਹਾ ਪੱਧਰੀ ਮੀਟਿੰਗਾਂ ਕਰਵਾਈਆਂ ਜਾਣਗੀਆਂ। ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ ਆਉਣ ਵਾਲੇ ਸਮੇਂ ਵਿਚ ਕਮੇਟੀ ਦਾ ਹੋਰ ਵਿਸਥਾਰ ਕੀਤਾ ਜਾਵੇਗਾ ਅਤੇ ਜੇਕਰ ਸਰਕਾਰ ਵੱਲੋਂ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ ਤਾਂ ਸੰਘਰਸ਼ ਦੀ ਅਗਲੀ ਰਣਨੀਤੀ ਤਿਆਰ ਕਰਕੇ ਮੈਦਾਨ ਵਿਚ ਉਤਰਾ ਜਾਵੇਗਾ। ਮੀਟਿੰਗ ਵਿਚ ਅਭਿਸ਼ੇਕ ਫ਼ਾਜ਼ਿਲਕਾ, ਸੁਰਿੰਦਰ ਮਾਨਸਾ ਅਤੇ ਵਰਿੰਦਰ ਕੰਬੋਜ ਫ਼ਾਜ਼ਿਲਕਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।