ਵਿਸ਼ਵ ਸਿਹਤ ਦਿਵਸ ’ਤੇ ਡਾਕਟਰਾਂ ਨੇ ਸਿਹਤ ਪ੍ਰਤੀ ਕੀਤਾ ਜਾਗਰੂਕ
ਵਿਸ਼ਵ ਸਿਹਤ ਦਿਵਸ ਦੇ ਮੌਕੇ ’ਤੇ
Publish Date: Tue, 07 Apr 2026 05:37 PM (IST)
Updated Date: Wed, 08 Apr 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ: ਵਿਸ਼ਵ ਸਿਹਤ ਦਿਵਸ ਦੇ ਮੌਕੇ ’ਤੇ ਸ਼ਹਿਰ ਦੇ ਪ੍ਰਸਿੱਧ ਡਾਕਟਰਾਂ ਵੱਲੋਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਖ਼ਾਸ ਸੰਦੇਸ਼ ਜਾਰੀ ਕੀਤਾ ਗਿਆ ਹੈ। ਮੋਗਾ ਮੈਡੀਸਿਟੀ ਹਸਪਤਾਲ ਜੋ ਕਿ ਦੱਤ ਰੋਡ ਮੋਗਾ ’ਤੇ ਸਥਿਤ ਹੈ, ਦੇ ਮਾਹਿਰ ਡਾਕਟਰਾਂ ਡਾ. ਨਵਦੀਪ ਸਿੰਘ ਵਿਰਕ ਐੱਮਡੀ ਜਨਰਲ ਮੈਡੀਸਨ ਅਤੇ ਐੱਮਡੀ ਡਾ. ਸ੍ਰਿਸ਼ਟੀ ਚੋਪੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਕੱਲ੍ਹ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਮਨੁੱਖ ਆਪਣੀ ਸਿਹਤ ਨੂੰ ਅਣਡਿੱਠਾ ਕਰ ਰਿਹਾ ਹੈ, ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਰਹਿਣ ਲਈ ਸੰਤੁਲਿਤ ਖ਼ੁਰਾਕ, ਰੋਜ਼ਾਨਾ ਕਸਰਤ ਅਤੇ ਨੀਂਦ ਪੂਰੀ ਕਰਨਾ ਬੇਹੱਦ ਜ਼ਰੂਰੀ ਹੈ ਅਤੇ ਤਾਜ਼ਾ ਫ਼ਲ ਸਬਜ਼ੀਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਇਸ ਮੌਕੇ ਉਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਸਮੇਂ-ਸਮੇਂ ’ਤੇ ਸਿਹਤ ਜਾਂਚ ਕਰਵਾਉਣਾ ਲਾਜ਼ਮੀ ਦੱਸਿਆ। ਉਨ੍ਹਾਂ ਅਜੋਕੀ ਨੌਜਵਾਨ ਪੀੜ੍ਹੀ ਨੂੰ ਮੋਬਾਈਲ ਅਤੇ ਸਕ੍ਰੀਨ ਟਾਈਮ ਘਟਾਉਣ ਤੇ ਖੇਡਾਂ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਬਦਲਦੇ ਮੌਸਮ ਵਿਚ ਸਿਹਤਯਾਬ ਰਹਿਣ ਲਈ ਸਾਵਧਾਨੀਆਂ ਜ਼ਰੂਰ ਵਰਤਣੀਆਂ ਚਾਹੀਦੀਆਂ ਹਨ। ਜਿਵੇਂ ਅੱਜ ਕੱਲ੍ਹ ਸਵੇਰੇ-ਸ਼ਾਮ ਦੀ ਠੰਢ ਅਤੇ ਦਿਨ ਦੀ ਗਰਮੀ ਕਾਰਨ ਵਾਇਰਲ ਬੁਖ਼ਾਰ, ਖੰਘ, ਅਤੇ ਜ਼ੁਕਾਮ ਦਾ ਖ਼ਤਰਾ ਵੱਧ ਜਾਂਦਾ ਹੈ। ਇਨ੍ਹਾਂ ਤੋਂ ਬਚਣ ਲਈ ਪਹਿਰਾਵੇ ਦਾ ਧਿਆਨ ਰੱਖੋਂ ਇਕਦਮ ਗਰਮ ਕੱਪੜੇ ਨਾ ਛੱਡੋ, ਸਵੇਰੇ ਅਤੇ ਸ਼ਾਮ ਨੂੰ ਹਲਕੀ ਜੈਕਟ ਜਾਂ ਸਵੈਟਰ ਦੀ ਵਰਤੋਂ ਜ਼ਰੂਰ ਕਰੋ ਤਾਂ ਜੋ ਸਰੀਰ ਦਾ ਤਾਪਮਾਨ ਸਥਿਰ ਰਹੇ, ਆਪਣੇ ਖਾਣ-ਪੀਣ ’ਚ ਪਰਹੇਜ਼ ਰੱਖੋ, ਫਰਿੱਜ ਦਾ ਬਹੁਤ ਜ਼ਿਆਦਾ ਠੰਢਾ ਪਾਣੀ ਪੀਣ ਤੋਂ ਬਚੋ, ਤਾਜ਼ਾ ਅਤੇ ਘਰ ਦਾ ਬਣਿਆ ਖਾਣਾ ਹੀ ਖਾਓ ਬਾਹਰਲੇ ਖੁੱਲ੍ਹੇ ਭੋਜਨ ਤੋਂ ਪਰਹੇਜ਼ ਕਰੋ, ਹਾਈਡ੍ਰੇਸ਼ਨ (ਪਾਣੀ ਦੀ ਮਾਤਰਾ) ਦਿਨ ਵੇਲੇ ਵਧਦੀ ਗਰਮੀ ਕਾਰਨ ਸਰੀਰ ਵਿਚ ਪਾਣੀ ਦੀ ਕਮੀ ਨਾ ਹੋਣ ਦਿਓ, ਨਿੰਬੂ ਪਾਣੀ, ਲੱਸੀ ਜਾਂ ਤਾਜ਼ੇ ਜੂਸ ਦਾ ਸੇਵਨ ਕਰੋ। ਉਨ੍ਹਾਂ ਕਿਹਾ ਕਿ ਜੇਕਰ ਏਅਰ ਕੰਡੀਸ਼ਨਰ ਦੀ ਵਰਤੋਂ ਕਰਨੀ ਵੀ ਹੈ ਤਾਂ ਉਸ ਦਾ ਤਾਪਮਾਨ 25-26 ਡਿਗਰੀ ਦੇ ਆਸ-ਪਾਸ ਰੱਖੋ, ਇਕਦਮ ਗਰਮੀ ਤੋਂ ਆ ਕੇ ਬਹੁਤ ਠੰਢੇ ਕਮਰੇ ਵਿਚ ਨਾ ਜਾਓ। ਉਨ੍ਹਾਂ ਅੱਗੇ ਕਿਹਾ ਕਿ ਸਫਾਈ ਦਾ ਧਿਆਨ ਰੱਖਦਿਆਂ ਹੱਥਾਂ ਨੂੰ ਵਾਰ-ਵਾਰ ਧੋਵੋ ਅਤੇ ਭੀੜ ਵਾਲੀਆਂ ਥਾਵਾਂ ’ਤੇ ਮਾਸਕ ਦੀ ਵਰਤੋਂ ਕਰੋ। ਅਖ਼ੀਰ ਵਿਚ ਉਨ੍ਹਾਂ ਅਪੀਲ ਕੀਤੀ ਕਿ ਸਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਇਸ ਸਬੰਧੀ ਦੂਜਿਆਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ।