ਅਨੰਦ ਈਸ਼ਵਰ ਦਰਬਾਰ ’ਚ ਧਾਰਮਿਕ ਦੀਵਾਨ 25 ਮਾਰਚ ਤੋਂ
ਧੰਨ ਧੰਨ ਬਾਬਾ ਈਸਰ ਸਿੰਘ ਜੀ
Publish Date: Mon, 23 Mar 2026 03:27 PM (IST)
Updated Date: Tue, 24 Mar 2026 03:58 AM (IST)
ਮਨਦੀਪ ਸਿੰਘ ਝਾਂਜੀ ਪੰਜਾਬੀ ਜਾਗਰਣ, ਬੱਧਨੀ ਕਲਾਂ: ਧੰਨ ਧੰਨ ਬਾਬਾ ਈਸਰ ਸਿੰਘ ਜੀ ਦੇ ਅਵਤਾਰ ਦਿਹਾੜੇ ਦੀ ਖੁਸ਼ੀ ’ਚ ਹਰ ਸਾਲ ਦੀ ਤਰ੍ਹਾਂ ਅਨੰਦ ਈਸ਼ਵਰ ਦਰਬਾਰ ਨਾਨਕਸਰ ਠਾਠ ਬੱਧਨੀ ਕਲਾਂ ਦੇ ਮੁਖੀ ਬਾਬਾ ਜੋਰਾ ਸਿੰਘ ਵੱਲੋਂ 25 ਮਾਰਚ ਦਿਨ ਬੁੱਧਵਾਰ ਨੂੰ ਬੱਧਨੀ ਕਲਾਂ ਵਿਖੇ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ। ਇਸ ਧਾਰਮਿਕ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਗੁਰਬਖਸ਼ ਸਿੰਘ, ਬਾਬਾ ਜਗਤਾਰ ਸਿੰਘ, ਦਿੱਲੀ ਠਾਠ ਦੇ ਮੁੱਖ ਸੇਵਾਦਾਰ ਜਗਜੀਤ ਸਿੰਘ ਜੱਜੀ, ਗੁਰਸੇਵਕ ਸਿੰਘ ਉੱਭੀ ਅਤੇ ਭਾਈ ਜਰਨੈਲ ਸਿੰਘ ਆਦਿ ਨੇ ਦੱਸਿਆ ਕਿ ਨਜ਼ਦੀਕ ਟੈਲੀਫ਼ੋਨ ਐਕਸਚੇਂਜ ਬੱਧਨੀ ਕਲਾਂ ਵਿਖੇ 25 ਮਾਰਚ ਦਿਨ ਬੁੱਧਵਾਰ ਤੋਂ ਲੈ ਕੇ 29 ਮਾਰਚ ਦਿਨ ਐਤਵਾਰ ਤੱਕ ਰਾਤ 8:30 ਵਜੇ ਤੋਂ ਲੈ ਕੇ 10:30 ਤੱਕ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ। ਸਜਾਏ ਜਾ ਰਹੇ ਇੰਨ੍ਹਾਂ ਧਾਰਮਿਕ ਦੀਵਾਨਾਂ ’ਚ ਪੂਰਨ ਮਹਾਂਪੁਰਖ ਬੱਧਨੀ ਕਲਾਂ ਵਾਲੇ ਬਾਬਾ ਜੋਰਾ ਸਿੰਘ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨਗੇ ਅਤੇ ਉੱਥੇ ਹੀ ਬਾਬਾ ਗੁਰਬਖ਼ਸ਼ ਸਿੰਘ ਤੋਂ ਇਲਾਵਾ ਇੰਨ੍ਹਾਂ ਦੀਵਾਨਾਂ ’ਚ ਨਾਨਕਸਰ, ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਇਲਾਵਾ ਹੋਰਨਾਂ ਸੰਸਥਾਵਾਂ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਕਥਾ ਵਾਚਕ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕਰਨਗੇ। ਉਨ੍ਹਾਂ ਧਾਰਮਿਕ ਦੀਵਾਨਾਂ ’ਚ ਸੰਗਤਾਂ ਨੂੰ ਵੱਧ ਚੜ੍ਹਕੇ ਪਹੁੰਚ ਕੇ ਲਾਹੇ ਪ੍ਰਾਪਤ ਕਰਨ ਦੀ ਅਪੀਲ ਕੀਤੀ।