ਅਗਨੀਵੀਰ ਭਰਤੀ ਲਈ 1 ਅਪ੍ਰੈਲ ਤੱਕ ਹੋਵੇਗੀ ਰਜਿਸਟ੍ਰੇਸ਼ਨ
ਅਗਨੀਵੀਰ ਫੌਜ ਦੀ ਭਰਤੀ ਰੈਲੀ
Publish Date: Wed, 18 Mar 2026 04:01 PM (IST)
Updated Date: Thu, 19 Mar 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਅਗਨੀਵੀਰ ਫੌਜ ਦੀ ਭਰਤੀ ਰੈਲੀ ਦਾ ਕੰਪਿਊਟਰ ਬੇਸਿਜ ਲਿਖ਼ਤੀ ਪੇਪਰ ਜੂਨ 2026 ਨੂੰ ਹੋ ਰਿਹਾ ਹੈ, ਜਿਸ ਤਰ੍ਹਾਂ ਦਾ ਲਿਖ਼ਤੀ ਪੇਪਰ ਜੂਨ 2026 ਨੂੰ ਹੋਣਾ ਹੈ, ਉਸੇ ਤਰ੍ਹਾਂ ਹੀ ਲਿਖ਼ਤੀ ਪੇਪਰ ਦੀ ਤਿਆਰੀ ਸੀ ਪਾਈਟ ਕੈਂਪ ਹਕੂਮਤ ਸਿੰਘ ਵਾਲਾ ਫਿਰੋਜ਼ਪੁਰ ਵਿਖੇ ਕਰਵਾਈ ਜਾ ਰਹੀ ਹੈ। ਲਿਖ਼ਤੀ ਪੇਪਰ ਦੀ ਆਨਲਾਈਨ ਰਜਿਸਟਰੇਸ਼ਨ 1 ਅਪ੍ਰੈਲ 2026 ਤੱਕ ਕਰਵਾਈ ਜਾ ਸਕਦੀ ਹੈ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਨੌਜਵਾਨ ਜਿਹੜੇ ਅਗਨੀਵੀਰ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਹਨ, ਉਹ ਨੌਜਵਾਨ ਆਪਣੀ ਆਨਲਾਈਨ ਰਜਿਸਟਰੇਸ਼ਨ ਕਰਵਾ ਕੇ ਲਿਖਤੀ ਪੇਪਰ ਦੀ ਤਿਆਰੀ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵਿਖੇ ਆ ਕੇ ਕਰ ਸਕਦੇ ਹਨ। ਕੈਂਪ ਵਿਚ ਆਉਣ ਸਮੇਂ ਦਸਵੀਂ ਦਾ ਅਸਲ ਸਰਟੀਫ਼ਿਕੇਟ, ਦਸਵੀਂ ਪੰਜਾਬ ਵਸਨੀਕ ਸਰਟੀਫ਼ਿਕੇਟ, ਜਾਤੀ ਸਰਟੀਫ਼ਿਕੇਟ, ਆਧਾਰ ਕਾਰਡ, ਬੈਂਕ ਖ਼ਾਤੇ ਦੀ ਫੋਟੋ ਕਾਪੀ ਤੋਂ ਇਲਾਵਾ ਦੋ ਪਾਸਪੋਰਟ ਸਾਈਜ਼ ਫੋਟੋਆਂ, ਇਕ ਕਾਪੀ, ਇਕ ਪੈੱਨ, ਖਾਣਾ ਖਾਣ ਲਈ ਬਰਤਨ, ਰਹਿਣ ਲਈ ਬਿਸਤਰਾ ਆਦਿ ਨਾਲ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਨੌਜਵਾਨ ਦੀ ਉਮਰ ਸਾਢੇ 17 ਸਾਲ ਤੋਂ 22 ਸਾਲ ਤੱਕ ਹੋਵੇ, ਛਾਤੀ ਬਿਨ੍ਹਾਂ ਫੁਲਾ ਕੇ 77 ਸੈਂਟੀਮੀਟਰ ਅਤੇ ਫੁਲਾ ਕੇ 82 ਸੈਂਟੀਮੀਟਰ ਅਤੇ ਕੱਦ 5 ਫੁੱਟ 7 ਇੰਚ ਹੋਵੇ। ਨੌਜਵਾਨ ਘੱਟੋ ਘੱਟ 10ਵੀਂ 45 ਫ਼ੀਸਦੀ ਅੰਕਾਂ ਨਾਲ ਪਾਸ ਹੋਵੇ ਜਾਂ 12ਵੀਂ ਪਾਸ ਹੋਵੇ। ਕੈਂਪ ਵਿਚ ਰਹਿਣ ਸਮੇਂ ਖਾਣਾ ਅਤੇ ਰਿਹਾਇਸ਼ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ ਅਤੇ ਸਰੀਰਿਕ ਅਤੇ ਲਿਖ਼ਤੀ ਪੇਪਰ ਦੀ ਤਿਆਰੀ ਦੀ ਕੋਈ ਵੀ ਫ਼ੀਸ ਨਹੀਂ ਲਈ ਜਾਵੇਗੀ।