ਜ਼ਿਲ੍ਹੇ ’ਚ ਚੰਗੇ ਤਰੀਕੇ ਨਾਲ ਚਲ ਰਿਹਾ ਆਰਬੀਐੱਸਕੇ ਪ੍ਰੋਗਰਾਮ : ਡਾ. ਸਿੰਗਲਾ
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ
Publish Date: Thu, 16 Apr 2026 04:52 PM (IST)
Updated Date: Fri, 17 Apr 2026 04:04 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ : ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ ਬਲਬੀਰ ਸਿੰਘ ਦੇ ਹੁਕਮਾ ਮੁਤਾਬਿਕ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਅਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼ਿਲ੍ਹੇ ਵਿਚ ਬੱਚਿਆਂ ਦੀ ਸਿਹਤ ਅਤੇ ਵਿਕਾਸ ਨੂੰ ਮਜ਼ਬੂਤ ਬਣਾਉਣ ਲਈ ਸਿਹਤ ਵਿਭਾਗ ਵੱਲੋਂ ਆਰਬੀਐੱਸਕੇ (ਰਾਸ਼ਟਰੀ ਬਾਲ ਸਿਹਤ ਕਾਰਜਕ੍ਰਮ) ਤਹਿਤ ਵੱਖ-ਵੱਖ ਗਤੀਵਿਧੀਆਂ ਲਗਾਤਾਰ ਚਲਾਈਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਅਸ਼ੋਕ ਸਿੰਗਲਾ ਜਿਲ੍ਹਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ 0 ਤੋਂ 18 ਸਾਲ ਤੱਕ ਦੇ ਬੱਚਿਆਂ ਵਿਚ ਜਨਮ ਤੋਂ ਹੀ ਮੌਜੂਦ ਕਮੀਆ, ਬਿਮਾਰੀਆਂ, ਪੋਸ਼ਣ ਦੀ ਕਮੀ ਅਤੇ ਵਿਕਾਸ ਵਿਚ ਦੇਰੀ ਵਰਗੀਆਂ ਸਮੱਸਿਆਵਾਂ ਦੀ ਸਮੇਂ ਸਿਰ ਪਛਾਣ ਅਤੇ ਇਲਾਜ ਕਰਨਾ ਹੈ। ਡਾ ਸਿੰਗਲਾ ਨੇ ਕਿਹਾ ਕਿ ਆਰਬੀਐੱਸਕੇ ਟੀਮਾਂ ਵੱਲੋਂ ਸਰਕਾਰੀ ਸਕੂਲਾਂ, ਆਂਗਣਵਾੜੀ ਕੇਂਦਰਾਂ ਅਤੇ ਪਿੰਡਾਂ ਵਿਚ ਜਾ ਕੇ ਬੱਚਿਆਂ ਦੀ ਸਿਹਤ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਸਕ੍ਰੀਨਿੰਗ ਦੌਰਾਨ ਜੇਕਰ ਕਿਸੇ ਬੱਚੇ ਵਿਚ ਕੋਈ ਬਿਮਾਰੀ ਜਾਂ ਕਮੀ ਪਾਈ ਜਾਂਦੀ ਹੈ, ਤਾਂ ਉਸਦਾ ਮੁਫ਼ਤ ਇਲਾਜ ਸਰਕਾਰੀ ਹਸਪਤਾਲਾਂ ਵਿਚ ਅਤੇ ਲੋੜ ਅਨੁਸਾਰ ਵੱਡੇ ਪ੍ਰਾਈਵੇਟ ਹਸਪਤਾਲਾਂ ਵਿਚ ਵੀ ਮੁਫਤ ਇਲਾਜ ਕਰਵਾਇਆ ਜਾਂਦਾ ਹੈ। ਜਿਲ੍ਹਾ ਟੀਕਾਕਰਨ ਅਫ਼ਸਰ ਨੇ ਇਹ ਵੀ ਦੱਸਿਆ ਕਿ ਬੱਚਿਆਂ ਦੀ ਪੂਰੀ ਟੀਕਾਕਰਨ ਸੁਰੱਖਿਆ ਲਈ ਮਾਪਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਜੋ ਕੋਈ ਵੀ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ। ਇਸਦੇ ਨਾਲ ਹੀ ਪੋਸ਼ਣ, ਸਫ਼ਾਈ ਅਤੇ ਸਿਹਤ ਸੰਬੰਧੀ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਸਿਹਤ ਜਾਂਚ ਲਈ ਆਰਬੀਐੱਸਕੇ ਟੀਮਾਂ ਨਾਲ ਸਹਿਯੋਗ ਕਰਨ ਅਤੇ ਟੀਕਾਕਰਨ ਦਾ ਸਮਾਂ-ਸਾਰਣੀ ਅਨੁਸਾਰ ਪੂਰਾ ਲਾਭ ਲੈਣ, ਤਾਂ ਜੋ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਅਤੇ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਕੀਤਾ ਜਾ ਸਕੇ। ਇਸ ਮੌਕੇ ਹਾਜ਼ਰ ਜਿਲ੍ਹਾ ਸਕੂਲ ਸਿਹਤ ਕੋਆਰਡੀਨੇਟਰ ਸੁਖਬੀਰ ਸਿੰਘ ਅਤੇ ਡਾ ਅਜੇ ਖੁਰਾਣਾ ਵੀ ਹਾਜ਼ਰ ਸਨ।