ਰਾਜ ਸਭਾ ਮੈਂਬਰ ਸਤਨਾਮ ਸੰਧੂ ਨੇ ਬਣਾਇਆ ਨਵਾਂ ਰਿਕਾਰਡ
ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ
Publish Date: Thu, 01 Jan 2026 03:37 PM (IST)
Updated Date: Fri, 02 Jan 2026 04:02 AM (IST)

ਗੁਰਦੇਵ ਮਨੇਸ ਪੰਜਾਬੀ ਜਾਗਰਣ, ਕੋਟ ਈਸੇ ਖਾਂ : ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਸੰਸਦ ਵਿਚ 100 ਫੀਸਦੀ ਹਾਜ਼ਰੀ ਦਰਜ ਕਰਵਾ ਕੇ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਦੀ ਲਗਾਤਾਰ ਅਤੇ ਪੂਰੀ ਹਾਜ਼ਰੀ ਨੇ ਨਾ ਸਿਰਫ਼ ਸੰਸਦੀ ਲੋਕਤੰਤਰ ਦੀ ਮਹੱਤਤਾ ਨੂੰ ਮਜ਼ਬੂਤ ਕੀਤਾ ਹੈ, ਸਗੋਂ ਹੋਰ ਸੰਸਦ ਮੈਂਬਰਾਂ ਲਈ ਵੀ ਪ੍ਰੇਰਣਾ ਸਰੋਤ ਬਣੇ। ਸੰਸਦ ਵਿਚ ਆਪਣੀ ਸਰਗਰਮ ਭੂਮਿਕਾ ਨਾਲ ਉਨ੍ਹਾਂ ਨੇ ਹਾਜ਼ਰੀ ਦਾ ਰਿਕਾਰਡ ਬਣਾਇਆ ਹੈ, ਜੋ ਆਉਣ ਵਾਲੇ ਸਮੇਂ ਵਿਚ ਯਾਦਗਾਰ ਰਹੇਗਾ। ਸਤਨਾਮ ਸਿੰਘ ਸੰਧੂ ਨੇ ਸੰਸਦ ਦੇ ਅੰਦਰ ਪੰਜਾਬ ਦੇ ਹਿੱਤਾਂ ਨੂੰ ਪਹਿਲ ਦਿੰਦਿਆਂ ਕਰੀਬ ਪੱਚੀ ਮਹੱਤਵਪੂਰਨ ਮੁੱਦਿਆਂ ’ਤੇ ਸਵਾਲ ਉਠਾਏ ਅਤੇ ਸਰਕਾਰ ਦਾ ਧਿਆਨ ਲੋਕਾਂ ਦੀਆਂ ਅਸਲ ਸਮੱਸਿਆਵਾਂ ਵੱਲ ਖਿੱਚਿਆ। ਉਨ੍ਹਾਂ ਨੇ ਸਿਹਤ ਸੇਵਾਵਾਂ ਦੇ ਸੁਧਾਰ, ਸਰਕਾਰੀ ਹਸਪਤਾਲਾਂ ਦੀ ਮਜ਼ਬੂਤੀ ਅਤੇ ਆਮ ਲੋਕਾਂ ਨੂੰ ਸਸਤਾ ਤੇ ਗੁਣਵੱਤਾ ਭਰਪੂਰ ਇਲਾਜ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਸਿੱਖਿਆ ਦੇ ਖੇਤਰ ਵਿਚ ਵੀ ਉਨ੍ਹਾਂ ਨੇ ਸਕੂਲਾਂ ਅਤੇ ਕਾਲਜਾਂ ਦੀ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਅਤੇ ਨੌਜਵਾਨਾਂ ਲਈ ਰੋਜ਼ਗਾਰ-ਮੁਖੀ ਸਿੱਖਿਆ ’ਤੇ ਜ਼ੋਰ ਦਿੱਤਾ। ਸੋਸ਼ਲ ਜਸਟਿਸ ਦੇ ਮੁੱਦੇ ’ਤੇ ਗੱਲ ਕਰਦਿਆਂ ਸੰਧੂ ਨੇ ਪਿੱਛੜੇ ਵਰਗਾਂ, ਦਲਿਤਾਂ ਅਤੇ ਹਾਸੀਏ ’ਤੇ ਰਹਿੰਦੇ ਵਰਗਾਂ ਨੂੰ ਸਮਾਜਿਕ ਨਿਆਂ ਅਤੇ ਬਰਾਬਰੀ ਦੇ ਅਧਿਕਾਰ ਮਿਲਣ ਦੀ ਪੁਰਜ਼ੋਰ ਵਕਾਲਤ ਕੀਤੀ। ਵਿਦੇਸ਼ੀ ਮੁੱਦਿਆਂ ਸਬੰਧੀ ਉਨ੍ਹਾਂ ਨੇ ਪੰਜਾਬੀ ਪ੍ਰਵਾਸੀਆਂ ਦੀਆਂ ਸਮੱਸਿਆਵਾਂ, ਵਿਦੇਸ਼ਾਂ ਵਿਚ ਫਸੇ ਨੌਜਵਾਨਾਂ ਅਤੇ ਇਮੀਗ੍ਰੇਸ਼ਨ ਨੀਤੀਆਂ ਨੂੰ ਮਨੁੱਖੀ ਨਜ਼ਰੀਏ ਨਾਲ ਵੇਖਣ ਦੀ ਮੰਗ ਰੱਖੀ। ਵਾਤਾਵਰਣ ਅਤੇ ਵਣ ਸੰਰੱਖਣ ਦੇ ਖੇਤਰ ਵਿਚ ਸਤਨਾਮ ਸਿੰਘ ਸੰਧੂ ਨੇ ਪ੍ਰਦੂਸ਼ਣ, ਜਲਵਾਯੂ ਪਰਿਵਰਤਨ ਅਤੇ ਹਰਿਆਲੀ ਵਧਾਉਣ ਲਈ ਠੋਸ ਨੀਤੀਆਂ ਬਣਾਉਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਘੰਟ ਗਿਣਤੀ, ਪਾਵਰ ਪਲੈਨਿੰਗ ਅਤੇ ਬਿਜਲੀ ਸਪਲਾਈ ਨਾਲ ਜੁੜੇ ਮੁੱਦਿਆਂ ’ਤੇ ਵੀ ਉਨ੍ਹਾਂ ਨੇ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਸਵਾਲ ਚੁੱਕੇ। ਅਰਬਨ ਡਿਵੈਲਪਮੈਂਟ, ਵੁਮੈਨ ਅਤੇ ਚਾਈਲਡ ਵਿਭਾਗ ਨਾਲ ਜੁੜੇ ਮੁੱਦਿਆਂ ’ਤੇ ਉਨ੍ਹਾਂ ਨੇ ਸ਼ਹਿਰੀ ਸੁਵਿਧਾਵਾਂ, ਮਹਿਲਾਵਾਂ ਦੀ ਸੁਰੱਖਿਆ ਅਤੇ ਬੱਚਿਆਂ ਦੇ ਭਵਿੱਖ ਲਈ ਮਜ਼ਬੂਤ ਨੀਤੀਆਂ ਬਣਾਉਣ ਦੀ ਮੰਗ ਕੀਤੀ। ਸਹਿਕਾਰਤਾ ਵਿਭਾਗ ਨੂੰ ਮਜ਼ਬੂਤ ਕਰਕੇ ਕਿਸਾਨਾਂ ਅਤੇ ਪਿੰਡਾਂ ਦੀ ਆਰਥਿਕਤਾ ਨੂੰ ਉਭਾਰਨ ਦੀ ਗੱਲ ਵੀ ਉਨ੍ਹਾਂ ਨੇ ਜ਼ੋਰਦਾਰ ਢੰਗ ਨਾਲ ਰੱਖੀ। ਸਤਨਾਮ ਸਿੰਘ ਸੰਧੂ ਦੀ ਸੰਸਦ ਵਿਚ ਸਰਗਰਮੀ ਅਤੇ 100 ਫੀਸਦੀ ਹਾਜ਼ਰੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਪੰਜਾਬ ਦੀ ਆਵਾਜ਼ ਬਣ ਕੇ ਹਰ ਮੰਚ ’ਤੇ ਲੋਕਾਂ ਦੇ ਹੱਕਾਂ ਲਈ ਡਟ ਕੇ ਖੜੇ ਹਨ।