ਏਆਈ ਸੰਮੇਲਨ ’ਤੇ ਸਵਾਲ ਚੁੱਕਣ ਦੀ ਕੀਤੀ ਨਿਖੇਧੀ
ਭਾਰਤੀ ਜਨਤਾ ਪਾਰਟੀ ਦੇ ਜਨਰਲ
Publish Date: Thu, 26 Feb 2026 04:12 PM (IST)
Updated Date: Fri, 27 Feb 2026 04:02 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ: ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਐੱਸਪੀ ਮੁਖਤਿਆਰ ਸਿੰਘ ਸੰਧੂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰਵਾਏ ਗਏ ਕ੍ਰਿਤ੍ਰਿਮ ਬੁੱਧੀ (ਏਆਈ) ਸੰਮੇਲਨ ਸਬੰਧੀ ਰਾਹੁਲ ਗਾਂਧੀ ਵੱਲੋਂ ਕੀਤੀ ਗਈ ਬਿਆਨਬਾਜ਼ੀ ਨੂੰ ਗੈਰਜ਼ਿੰਮੇਵਾਰਾਨਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਭਾਰਤ ਵਿਸ਼ਵ ਪੱਧਰ ’ਤੇ ਤਕਨੀਕੀ ਖੇਤਰ ਵਿਚ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾ ਰਿਹਾ ਹੈ ਤਾਂ ਅਜਿਹੇ ਸਮੇਂ ਵਿਚ ਸੰਮੇਲਨ ’ਤੇ ਸਵਾਲ ਚੁੱਕਣਾ ਦੇਸ਼ ਦੀ ਸ਼ਾਖ਼ ਨੂੰ ਠੇਸ ਪਹੁੰਚਾਉਣ ਦੇ ਬਰਾਬਰ ਹੈ। ਸੰਧੂ ਨੇ ਕਿਹਾ ਕਿ ਇਹ ਸੰਮੇਲਨ ਸਿਰਫ਼ ਇਕ ਆਮ ਇਕੱਠ ਨਹੀਂ ਸੀ ਬਲਕਿ ਭਵਿੱਖ ਦੀ ਤਕਨੀਕ ਅਤੇ ਨਵੀਂ ਸੋਚ ਨਾਲ ਜੁੜਿਆ ਮਹੱਤਵਪੂਰਨ ਮੰਚ ਸੀ। ਉਨ੍ਹਾਂ ਦੱਸਿਆ ਕਿ ਇਸ ਵਿਚ ਲਗਪਗ 80 ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਭਾਰਤ ਦੁਨੀਆਂ ਵਿੱਚ ਭਰੋਸੇਯੋਗ ਨੇਤ੍ਰਿਤਵ ਵਜੋਂ ਉਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕ੍ਰਿਤ੍ਰਿਮ ਬੁੱਧੀ ਖੇਤੀਬਾੜੀ, ਸਿਹਤ, ਸਿੱਖਿਆ, ਉਦਯੋਗ ਅਤੇ ਪ੍ਰਸ਼ਾਸਨ ਸਮੇਤ ਕਈ ਖੇਤਰਾਂ ਵਿਚ ਵੱਡੇ ਬਦਲਾਅ ਲਿਆ ਸਕਦੀ ਹੈ ਅਤੇ ਦੇਸ਼ ਨੂੰ ਨਵੀਂ ਦਿਸ਼ਾ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨਵੀਂ ਤਕਨੀਕ ਨੂੰ ਅਪਣਾਉਂਦਿਆਂ ਆਤਮਨਿਰਭਰਤਾ ਵੱਲ ਅੱਗੇ ਵੱਧ ਰਿਹਾ ਹੈ। ਸੰਮੇਲਨ ਦਾ ਉਦੇਸ਼ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਅਤੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨਾ ਸੀ। ਅਜਿਹੇ ਯਤਨਾਂ ਦੀ ਸਰਾਹਨਾ ਕਰਨ ਦੀ ਬਜਾਏ ਉਨ੍ਹਾਂ ਤੇ ਸ਼ੱਕ ਪ੍ਰਗਟ ਕਰਨਾ ਠੀਕ ਨਹੀਂ। ਸੰਧੂ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਰਾਜਨੀਤਿਕ ਲਾਭ ਲਈ ਦੇਸ਼ ਦੇ ਹਿਤਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜਦੋਂ ਵੀ ਦੇਸ਼ ਦੇ ਮਾਣ ਅਤੇ ਤਰੱਕੀ ਦੀ ਗੱਲ ਹੋਵੇ ਤਾਂ ਸਾਰਿਆਂ ਨੂੰ ਇਕੱਠੇ ਹੋ ਕੇ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਅੰਤਰਰਾਸ਼ਟਰੀ ਪੱਧਰ ਦੇ ਸਮਾਗਮਾਂ ਨਾਲ ਭਾਰਤ ਦੀ ਵਿਸ਼ਵ ਪੱਧਰ ’ਤੇ ਪਛਾਣ ਹੋਰ ਮਜ਼ਬੂਤ ਹੁੰਦੀ ਹੈ ਅਤੇ ਨਿਵੇਸ਼ ਦੇ ਮੌਕੇ ਵਧਦੇ ਹਨ। ਅੰਤ ਵਿਚ ਸੰਧੂ ਨੇ ਕਿਹਾ ਕਿ ਦੇਸ਼ ਤਕਨੀਕੀ ਕ੍ਰਾਂਤੀ ਦੇ ਦੌਰ ਵਿਚ ਦਾਖਲ ਹੋ ਚੁੱਕਾ ਹੈ ਅਤੇ ਇਸ ਮੌਕੇ ਦਾ ਲਾਭ ਲੈਣ ਲਈ ਸਾਰੇ ਵਰਗਾਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕ੍ਰਿਤ੍ਰਿਮ ਬੁੱਧੀ ਵਰਗੀਆਂ ਨਵੀਆਂ ਤਕਨੀਕਾਂ ਭਾਰਤ ਦੇ ਭਵਿੱਖ ਨੂੰ ਨਿਰਧਾਰਤ ਕਰਨਗੀਆਂ ਅਤੇ ਦੇਸ਼ ਨੂੰ ਵਿਸ਼ਵ ਅਗਵਾਈ ਦੀ ਦਿਸ਼ਾ ਵਿਚ ਅੱਗੇ ਲੈ ਜਾਣਗੀਆਂ।