- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਸ਼ਹਿਰ ’ਚ ਹਰ ਹਫ਼ਤੇ ਕੱਪੜੇ ਦੇ

ਸਵੇਰ ਤੋਂ ਸ਼ੁਰੂ ਹੋਈ ਬਾਰਿਸ਼, ਤਰਪਾਲਾਂ ਹੇਠ ਢੱਕਿਆ ਰਿਹਾ ਸਾਮਾਨ
ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਮੋਗਾ ਸ਼ਹਿਰ ’ਚ ਹਰ ਹਫ਼ਤੇ ਕੱਪੜੇ ਦੇ ਦੁਕਾਨਦਾਰਾਂ ਵੱਲੋਂ ਕੱਪੜੇ ਦੀਆਂ ਸੇਲਾਂ ਲਗਾਈਆਂ ਜਾਂਦੀਆਂ ਹਨ ਪਰ ਇਸ ਐਤਵਾਰ ਦੁਕਾਨਦਾਰਾਂ ਨੂੰ ਮੌਸਮ ਦੀ ਮਾਰ ਸਹਿਣੀ ਪਈ ਕਿਉਂਕਿ ਐਤਵਾਰ ਸਵੇਰੇ ਤੋਂ ਹੀ ਸ਼ੁਰੂ ਹੋਈ ਹਲਕੀ ਬੂੰਦਾਬਾਂਦੀ ਨੇ ਬਾਜ਼ਾਰ ਦੀ ਰੌਣਕ ਨੂੰ ਕਾਫ਼ੀ ਹੱਦ ਤੱਕ ਫਿੱਕਾ ਕਰ ਦਿੱਤਾ ਅਤੇ ਵਪਾਰੀਆਂ ਦੀ ਕਮਾਈ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ। ਆਮ ਤੌਰ ’ਤੇ ਇਹ ਬਾਜ਼ਾਰ ਲੋਕਾਂ ਦੀ ਭਾਰੀ ਭੀੜ ਨਾਲ ਰੌਣਕ ਮਾਣਦਾ ਹੈ ਪਰ ਇਸ ਵਾਰ ਮੀਂਹ ਕਾਰਨ ਗਾਹਕਾਂ ਦੀ ਆਵਾਜਾਈ ਬਹੁਤ ਘੱਟ ਰਹੀ। ਮੋਗਾ ਦੇ ਮੁੱਖ ਬਾਜ਼ਾਰ ਵਿਚ ਲੱਗਣ ਵਾਲੇ ਇਸ ਐਤਵਾਰ ਬਾਜ਼ਾਰ ਵਿਚ ਲੁਧਿਆਣਾ, ਦਿੱਲੀ ਅਤੇ ਪਾਣੀਪਤ ਤੋਂ ਆਏ ਦਰਜ਼ਨਾਂ ਵਪਾਰੀ ਆਪਣੇ ਕੱਪੜਿਆਂ ਦੀਆਂ ਅਸਥਾਈ ਦੁਕਾਨਾਂ ਲਗਾਉਂਦੇ ਹਨ। ਇੱਥੇ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਲੋਕ ਸਸਤੇ ਅਤੇ ਵਧੀਆ ਕੱਪੜੇ ਖ਼ਰੀਦਣ ਲਈ ਪਹੁੰਚਦੇ ਹਨ ਪਰ ਇਸ ਵਾਰ ਸਵੇਰ ਤੋਂ ਹੀ ਅਸਮਾਨ ’ਚ ਘਟਾਂ ਛਾਈਆਂ ਰਹੀਆਂ ਅਤੇ ਹਲਕੀ ਬੂੰਦਾਬਾਂਦੀ ਜਾਰੀ ਰਹੀ, ਜਿਸ ਕਾਰਨ ਬਾਜ਼ਾਰ ਦੀ ਚੱਲਤ ਕਾਫ਼ੀ ਘੱਟ ਰਹੀ। ਮੀਂਹ ਦੇ ਬਾਵਜੂਦ ਵਪਾਰੀਆਂ ਨੇ ਹੌਸਲਾ ਨਹੀਂ ਛੱਡਿਆ ਅਤੇ ਆਪਣੀਆਂ ਦੁਕਾਨਾਂ ਲਗਾ ਕੇ ਸਾਮਾਨ ਨੂੰ ਤਿਰਪਾਲਾਂ ਅਤੇ ਪੋਲੀਥੀਨ ਨਾਲ ਢੱਕ ਕੇ ਰੱਖਿਆ ਤਾਂ ਜੋ ਕੱਪੜਿਆਂ ਨੂੰ ਭਿੱਜਣ ਤੋਂ ਬਚਾਇਆ ਜਾ ਸਕੇ ਪਰ ਬੂੰਦਾਬਾਂਦੀ ਕਾਰਨ ਜ਼ਿਆਦਾਤਰ ਸਾਮਾਨ ਦਿਨ ਭਰ ਢੱਕਿਆ ਹੀ ਰਿਹਾ ਅਤੇ ਵਪਾਰੀ ਗਾਹਕਾਂ ਦੀ ਉਡੀਕ ਕਰਦੇ ਰਹੇ। ਦੁਪਹਿਰ ਤੱਕ ਵੀ ਬਾਜ਼ਾਰ ਵਿਚ ਉਮੀਦ ਮੁਤਾਬਿਕ ਭੀੜ ਨਹੀਂ ਦਿਖਾਈ ਦਿੱਤੀ। ਕੁੱਝ ਵਪਾਰੀਆਂ ਨੇ ਵੱਡੇ ਪੋਲੀਥੀਨ ਬੈਗ ਲਗਾ ਕੇ ਅੰਦਰੋਂ ਹੀ ਗਾਹਕਾਂ ਨੂੰ ਸਾਮਾਨ ਦਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਜੋ ਥੋੜ੍ਹੀ ਬਹੁਤ ਖਰੀਦਦਾਰੀ ਹੋ ਸਕੇ ਪਰ ਜ਼ਿਆਦਾਤਰ ਵਪਾਰੀਆਂ ਦੇ ਹੱਥ ਨਿਰਾਸ਼ਾ ਹੀ ਲੱਗੀ। ਦੁਕਾਨਦਾਰ ਹਰੀਸ਼ ਅਤੇ ਮਨੋਜ ਕੁਮਾਰ ਨੇ ਦੱਸਿਆ ਕਿ ਸਵੇਰ ਤੋਂ ਸਿਰਫ਼ ਦੋ-ਤਿੰਨ ਗਾਹਕ ਹੀ ਉਨ੍ਹਾਂ ਦੀ ਦੁਕਾਨ ’ਤੇ ਆਏ ਹਨ। ਉਨ੍ਹਾਂ ਕਿਹਾ ਕਿ ਮੀਂਹ ਕਾਰਨ ਸਾਰਾ ਸਟਾਕ ਢੱਕ ਕੇ ਰੱਖਣਾ ਪਿਆ ਹੈ। ਜੇਕਰ ਕੱਪੜੇ ਖੋਲ੍ਹ ਕੇ ਗਾਹਕਾਂ ਨੂੰ ਦਿਖਾਏ ਜਾਣ ਤਾਂ ਉਹ ਗਿੱਲੇ ਹੋਣ ਦਾ ਖ਼ਤਰਾ ਬਣ ਜਾਂਦਾ ਹੈ। ਇਕ ਵਾਰ ਕੱਪੜਿਆਂ ’ਤੇ ਪਾਣੀ ਪੈ ਜਾਵੇ ਤਾਂ ਉਨ੍ਹਾਂ ਨੂੰ ਪੂਰੀ ਕੀਮਤ ’ਤੇ ਵੇਚਣਾ ਬਹੁਤ ਔਖਾ ਹੋ ਜਾਂਦਾ ਹੈ, ਜਿਸ ਨਾਲ ਵਪਾਰੀਆਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ। ਇਸੇ ਤਰ੍ਹਾਂ ਇਕ ਹੋਰ ਵਪਾਰੀ ਰਤਨ ਗੁਪਤਾ ਨੇ ਦੱਸਿਆ ਕਿ ਪੂਰਾ ਦਿਨ ਮੀਂਹ ਦੇ ਵਿਚਕਾਰ ਬੈਠ ਕੇ ਗੁਜ਼ਾਰਨਾ ਪਿਆ ਪਰ ਇਕ ਰੁਪਏ ਦੀ ਵੀ ਢੰਗ ਦੀ ਵਿਕਰੀ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਵਪਾਰੀ ਦੂਰ-ਦੂਰ ਤੋਂ ਸਾਮਾਨ ਲੈ ਕੇ ਆਉਂਦੇ ਹਨ ਅਤੇ ਉਸ ਦੀ ਢੋਆ-ਢੁਆਈ ਦਾ ਖਰਚਾ ਵੀ ਆਪਣੀ ਜੇਬ ਤੋਂ ਕਰਨਾ ਪੈਂਦਾ ਹੈ। ਜੇਕਰ ਵਿਕਰੀ ਨਾ ਹੋਵੇ ਤਾਂ ਇਹ ਸਾਰਾ ਖਰਚਾ ਨੁਕਸਾਨ ਵਿਚ ਤਬਦੀਲ ਹੋ ਜਾਂਦਾ ਹੈ। ਦੱਸਣਯੋਗ ਹੈ ਕਿ ਮੋਗਾ ਦੇ ਐਤਵਾਰ ਬਾਜ਼ਾਰ ਵਿਚ ਵੱਡੀ ਮਾਤਰਾ ਵਿਚ ਕੱਪੜਿਆਂ ਦਾ ਸਾਮਾਨ ਲੁਧਿਆਣਾ, ਦਿੱਲੀ ਅਤੇ ਪਾਣੀਪਤ ਤੋਂ ਲਿਆਂਦਾ ਜਾਂਦਾ ਹੈ। ਪਾਣੀਪਤ ਤੋਂ ਆਉਣ ਵਾਲੇ ਵਰਤੇ ਹੋਏ ਕੱਪੜਿਆਂ ਨੂੰ ਸਾਫ਼ ਸੁਥਰਾ ਕਰਕੇ ਅਤੇ ਪ੍ਰੈੱਸ ਕਰਕੇ ਵੇਚਿਆ ਜਾਂਦਾ ਹੈ ਜਦਕਿ ਲੁਧਿਆਣਾ ਅਤੇ ਦਿੱਲੀ ਤੋਂ ਨਵੇਂ ਫੈਸ਼ਨੇਬਲ ਕੱਪੜੇ ਲਿਆ ਕੇ ਗਾਹਕਾਂ ਨੂੰ ਵਾਜਬ ਕੀਮਤਾਂ ’ਤੇ ਉਪਲਬਧ ਕਰਵਾਏ ਜਾਂਦੇ ਹਨ। ਇਸ ਕਾਰਨ ਇਹ ਬਾਜ਼ਾਰ ਲੋਕਾਂ ਵਿਚ ਕਾਫ਼ੀ ਲੋਕਪ੍ਰਿਯ ਹੈ। ਪਰ ਇਸ ਵਾਰ ਮੌਸਮ ਦੀ ਤਬਦੀਲੀ ਨੇ ਬਾਜ਼ਾਰ ਦੀ ਚਲਤ ਨੂੰ ਪ੍ਰਭਾਵਿਤ ਕਰ ਦਿੱਤਾ। ਵਪਾਰੀ ਦਿਨ ਭਰ ਗਾਹਕਾਂ ਦੀ ਉਡੀਕ ਕਰਦੇ ਰਹੇ ਪਰ ਮੀਂਹ ਕਾਰਨ ਲੋਕ ਘਰਾਂ ਤੋਂ ਘੱਟ ਹੀ ਨਿਕਲੇ। ਨਤੀਜੇ ਵਜੋਂ ਬਹੁਤ ਸਾਰੇ ਵਪਾਰੀਆਂ ਨੂੰ ਨਿਰਾਸ਼ ਹੋ ਕੇ ਆਪਣਾ ਸਾਮਾਨ ਵਾਪਸ ਸਮੇਟਣਾ ਪਿਆ। ਮੌਸਮ ਦੀ ਇਸ ਮਾਰ ਨੇ ਇਕ ਵਾਰ ਫਿਰ ਛੋਟੇ ਵਪਾਰੀਆਂ ਦੀਆਂ ਮੁਸ਼ਕਲਾਂ ਨੂੰ ਸਾਹਮਣੇ ਲਿਆ ਦਿੱਤਾ ਹੈ ਕਿਉਂਕਿ ਉਨ੍ਹਾਂ ਦੀ ਰੋਜ਼ੀ-ਰੋਟੀ ਵੱਡੇ ਹਿੱਸੇ ਵਿਚ ਇਸ ਤਰ੍ਹਾਂ ਦੇ ਹਫ਼ਤਾਵਾਰੀ ਬਾਜ਼ਾਰਾਂ ’ਤੇ ਹੀ ਨਿਰਭਰ ਕਰਦੀ ਹੈ।