- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋ ਸਾਲਾਂ ਤੋਂ ਅਧੂਰੀ ਪਈ ਦਰਜ਼ਨ

ਖਬਰ ਦਾ ਅਸਰ
ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਦੋ ਸਾਲਾਂ ਤੋਂ ਅਧੂਰੀ ਪਈ ਦਰਜ਼ਨ ਤੋਂ ਵੱਧ ਪਿੰਡਾਂ ਨੂੰ ਜੋੜਦੀ ਸੜਕ ਦਾ ਨਿਰਮਾਣ ਅਖ਼ੀਰ ਕੰਮ ਸ਼ੁਰੂ ਹੋ ਗਿਆ ਹੈ। ਦੱਸਿਆ ਜਾਂਦਾ ਹੈ ਕਿ ਪਿਛਲੇ ਦਿਨੀਂ ਪੰਜਾਬੀ ਜਾਗਰਣ ਅਖ਼ਬਾਰ ਵੱਲੋਂ ਭਲੂਰ, ਨੱਥੂਵਾਲਾ, ਮਹਾਲਾ ਮੁਦਕੀ ਅਤੇ ਬਾਘਾਪੁਰਾਣਾ ਆਦਿ ਨੂੰ ਜੋੜਨ ਵਾਲੀ ਲੰਬੇ ਸਮੇਂ ਤੋਂ ਅਧੂਰੀ ਪਈ ਸੜਕ ਦੀ ਸਮੱਸਿਆ ਨੂੰ ਪ੍ਰਮੁੱਖਤਾ ਨਾਲ ਉਠਾਇਆ ਗਿਆ। ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਸੰਬੰਧਤ ਵਿਭਾਗ ਅਤੇ ਠੇਕੇਦਾਰ ਹਰਕਤ ਵਿਚ ਆਏ ਅਤੇ ਕਰੀਬ ਦੋ ਸਾਲਾਂ ਤੋਂ ਰੁਕਿਆ ਪਿਆ ਸੜਕ ਨਿਰਮਾਣ ਕਾਰਜ ਮੁੜ ਸ਼ੁਰੂ ਕਰ ਦਿੱਤਾ ਗਿਆ। ਇਸ ਨਾਲ ਇਲਾਕੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਜਾਣਕਾਰੀ ਅਨੁਸਾਰ ਸਾਲ 2024 ਵਿਚ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖ਼ਾਲਸਾ ਵੱਲੋਂ ਇਸ ਮਹੱਤਵਪੂਰਨ ਸੜਕ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਉਸ ਸਮੇਂ ਇਲਾਕੇ ਦੇ ਲੋਕਾਂ ਨੂੰ ਉਮੀਦ ਸੀ ਕਿ ਸੜਕ ਦੇ ਨਿਰਮਾਣ ਨਾਲ ਪਿੰਡਾਂ ਦੀ ਆਵਾਜਾਈ ਸੁਚਾਰੂ ਹੋਵੇਗੀ ਅਤੇ ਵਿਕਾਸ ਨੂੰ ਨਵੀਂ ਰਫ਼ਤਾਰ ਮਿਲੇਗੀ ਪਰ ਨਿਰਮਾਣ ਕੰਮ ਸ਼ੁਰੂ ਹੋਣ ਤੋਂ ਕੁੱਝ ਸਮੇਂ ਬਾਅਦ ਹੀ ਇਹ ਪ੍ਰੋਜੈਕਟ ਵੱਖ-ਵੱਖ ਕਾਰਨਾਂ ਕਰਕੇ ਰੁਕ ਗਿਆ ਅਤੇ ਲਗਭਗ ਦੋ ਸਾਲ ਤੱਕ ਸੜਕ ਅਧੂਰੀ ਪਈ ਰਹੀ। ਸੜਕ ਦੇ ਅਧੂਰੇ ਰਹਿਣ ਕਾਰਨ ਭਲੂਰ, ਨੱਥੂਵਾਲਾ, ਮਹਾਲਾ, ਬਾਘਾਪੁਰਾਣਾ ਅਤੇ ਆਸ-ਪਾਸ ਦੇ ਕਈ ਹੋਰ ਪਿੰਡਾਂ ਦੇ ਹਜ਼ਾਰਾਂ ਲੋਕ ਰੋਜ਼ਾਨਾ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਨ। ਟੁੱਟੀ-ਫੁੱਟੀ ਸੜਕ ਅਤੇ ਉੱਡਦੀ ਧੂੜ ਕਾਰਨ ਲੋਕਾਂ ਦਾ ਸਫ਼ਰ ਮੁਸ਼ਕਲ ਬਣ ਗਿਆ ਸੀ। ਮੀਂਹ ਦੇ ਮੌਸਮ ਦੌਰਾਨ ਹਾਲਾਤ ਹੋਰ ਵੀ ਗੰਭੀਰ ਹੋ ਜਾਂਦੇ ਸਨ ਕਿਉਂਕਿ ਸੜਕ ਉੱਤੇ ਪਾਣੀ ਖੜ੍ਹਾ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਸੀ ਅਤੇ ਕਈ ਵਾਰ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਸੀ। ਵਪਾਰੀਆਂ ਨੇ ਵੀ ਆਪਣੀ ਪੀੜਾ ਸਾਂਝੀ ਕਰਦਿਆਂ ਕਿਹਾ ਕਿ ਸੜਕ ਦੀ ਮਾੜੀ ਹਾਲਤ ਕਾਰਨ ਉਨ੍ਹਾਂ ਦੇ ਕਾਰੋਬਾਰ ਨੂੰ ਭਾਰੀ ਨੁਕਸਾਨ ਹੋ ਰਿਹਾ ਸੀ। ਗਾਹਕਾਂ ਦੀ ਆਵਾਜਾਈ ਘੱਟ ਹੋ ਗਈ ਸੀ ਅਤੇ ਮਾਲ ਦੀ ਢੋਆ-ਢੁਆਈ ਵੀ ਪ੍ਰਭਾਵਿਤ ਹੋ ਰਹੀ ਸੀ। ਕਈ ਵਾਰ ਸਪਲਾਈ ਵਿਚ ਦੇਰੀ ਹੋਣ ਕਾਰਨ ਵਪਾਰੀਆਂ ਨੂੰ ਆਰਥਿਕ ਨੁਕਸਾਨ ਝੱਲਣਾ ਪੈਂਦਾ ਸੀ। ਜਦੋਂ ਪੰਜਾਬੀ ਜਾਗਰਣ ਦੀ ਟੀਮ ਵੱਲੋਂ ਮੌਕੇ 'ਤੇ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਨੇੜਿਓਂ ਦੇਖਿਆ ਗਿਆ ਅਤੇ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਆਪਣਾ ਦਰਦ ਖੁੱਲ੍ਹ ਕੇ ਬਿਆਨ ਕੀਤਾ। ਲੋਕਾਂ ਨੇ ਕਿਹਾ ਕਿ ਉਹ ਕਈ ਵਾਰ ਸੰਬੰਧਤ ਵਿਭਾਗਾਂ ਨੂੰ ਇਸ ਸਬੰਧੀ ਅਪੀਲਾਂ ਕਰ ਚੁੱਕੇ ਹਨ, ਪਰ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਇਸ ਤੋਂ ਬਾਅਦ ਪੰਜਾਬੀ ਜਾਗਰਣ ਵੱਲੋਂ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ। ਖ਼ਬਰ ਛਪਣ ਤੋਂ ਬਾਅਦ ਪ੍ਰਸ਼ਾਸਨ ਅਤੇ ਸੰਬੰਧਤ ਮਹਿਕਮੇ ਨੇ ਤੁਰੰਤ ਮਾਮਲੇ ਦਾ ਨੋਟਿਸ ਲਿਆ। ਅਧਿਕਾਰੀਆਂ ਵੱਲੋਂ ਨਿਰਮਾਣ ਕਾਰਜ ਦਾ ਜਾਇਜ਼ਾ ਲਿਆ ਗਿਆ ਅਤੇ ਠੇਕੇਦਾਰ ਨੂੰ ਕੰਮ ਵਿਚ ਤੇਜ਼ੀ ਲਿਆਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ। ਨਤੀਜੇ ਵਜੋਂ ਲੰਬੇ ਸਮੇਂ ਤੋਂ ਰੁਕਿਆ ਪਿਆ ਸੜਕ ਨਿਰਮਾਣ ਕਾਰਜ ਮੁੜ ਸ਼ੁਰੂ ਹੋ ਗਿਆ, ਜਿਸ ਨਾਲ ਲੋਕਾਂ ਵਿੱਚ ਨਵੀਂ ਉਮੀਦ ਜਾਗੀ ਹੈ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਜੇਕਰ ਇਹ ਕੰਮ ਸਮੇਂ ਸਿਰ ਪੂਰਾ ਕਰ ਦਿੱਤਾ ਜਾਂਦਾ ਤਾਂ ਉਨ੍ਹਾਂ ਨੂੰ ਇੰਨੀ ਲੰਬੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪੈਂਦਾ। ਲੋਕਾਂ ਨੇ ਮੰਗ ਕੀਤੀ ਕਿ ਹੁਣ ਨਿਰਮਾਣ ਕਾਰਜ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਕੀਤੀ ਜਾਵੇ ਅਤੇ ਉੱਚ ਗੁਣਵੱਤਾ ਵਾਲੇ ਮਾਪਦੰਡਾਂ ਅਨੁਸਾਰ ਸੜਕ ਨੂੰ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ। ਸੜਕ ਦਾ ਕੰਮ ਸ਼ੁਰੂ ਹੋਣ ਉਪਰੰਤ ਇਲਾਕੇ ਦੇ ਪਤਵੰਤੇ ਵਿਅਕਤੀਆਂ, ਕਿਸਾਨ ਜਥੇਬੰਦੀਆਂ, ਵਪਾਰੀਆਂ, ਸਮਾਜਿਕ ਸੰਸਥਾਵਾਂ ਅਤੇ ਆਮ ਲੋਕਾਂ ਨੇ ਪੰਜਾਬੀ ਜਾਗਰਣ ਅਤੇ ਮੀਡੀਆ ਕਰਮੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਮੀਡੀਆ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਿਡਰਤਾ ਅਤੇ ਇਮਾਨਦਾਰੀ ਨਾਲ ਉਠਾਉਂਦਾ ਹੈ ਤਾਂ ਪ੍ਰਸ਼ਾਸਨ ਨੂੰ ਵੀ ਕਾਰਵਾਈ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਲੋਕਾਂ ਨੇ ਉਮੀਦ ਜਤਾਈ ਕਿ ਹੁਣ ਇਹ ਮਹੱਤਵਪੂਰਨ ਸੜਕ ਜਲਦੀ ਮੁਕੰਮਲ ਹੋਵੇਗੀ ਅਤੇ ਇਲਾਕੇ ਦੇ ਵਿਕਾਸ, ਵਪਾਰ ਅਤੇ ਆਵਾਜਾਈ ਨੂੰ ਨਵੀਂ ਦਿਸ਼ਾ ਮਿਲੇਗੀ।