ਕੇਂਦਰ ਸਰਕਾਰ ਦੇ ਨਵੇਂ ਕਾਨੂੰਨ ਖ਼ਿਲਾਫ਼ ਕੀਤਾ ਰੋਸ ਮੁਜ਼ਾਹਰਾ
ਪੰਜਾਬ ਇਸਤਰੀ ਸਭਾ ਜ਼ਿਲ੍ਹਾ ਮੋਗਾ
Publish Date: Sat, 03 Jan 2026 05:55 PM (IST)
Updated Date: Sun, 04 Jan 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਪੰਜਾਬ ਇਸਤਰੀ ਸਭਾ ਜ਼ਿਲ੍ਹਾ ਮੋਗਾ ਵੱਲੋਂ ਪਿੰਡ ਖੋਸਾ ਪਾਂਡੋ ਵਿਖੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮਨਰੇਗਾ ਨੂੰ ਖ਼ਤਮ ਕਰਕੇ ਲਿਆਂਦੇ ਜਾ ਰਹੇ ਨਵੇਂ ਕਾਨੂੰਨ ‘ਵਿਕਸਿਤ ਭਾਰਤ ਜੀ ਰਾਮ ਜੀ’ ਦੇ ਵਿਰੋਧ ਵਿਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਰਕਾਰ ਤੋਂ ਇਸ ਕਾਨੂੰਨ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ। ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਪੰਜਾਬ ਇਸਤਰੀ ਸਭਾ ਦੀ ਜ਼ਿਲ੍ਹਾ ਪ੍ਰਧਾਨ ਸਰਬਜੀਤ ਕੌਰ ਖੋਸਾ ਨੇ ਕਿਹਾ ਕਿ ਜਦੋਂ ਤੋਂ ਕੇਂਦਰ ਵਿਚ ਮੋਦੀ ਸਰਕਾਰ ਸੱਤਾ ਵਿਚ ਆਈ ਹੈ, ਤਦੋਂ ਤੋਂ ਹੀ ਮਨਰੇਗਾ ਵਰਗੀਆਂ ਮਜ਼ਦੂਰ ਹਿਤੈਸ਼ੀ ਯੋਜਨਾਵਾਂ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਨਰੇਗਾ ਦੇ ਮੁਕਾਬਲੇ ਵਿਚ ਲਿਆਂਦਾ ਗਿਆ ਨਵਾਂ ਕਾਨੂੰਨ ਮਜ਼ਦੂਰਾਂ ਦੇ ਹੱਕਾਂ ‘ਤੇ ਸਿੱਧਾ ਹਮਲਾ ਹੈ। ਉਨ੍ਹਾਂ ਕਿਹਾ ਕਿ ਇਸ ਨਵੇਂ ਕਾਨੂੰਨ ਤਹਿਤ ਮਜ਼ਦੂਰਾਂ ਤੋਂ 12 ਘੰਟੇ ਤੱਕ ਕੰਮ ਕਰਵਾਉਣ ਦੀ ਗੁੰਜਾਇਸ਼ ਰੱਖੀ ਗਈ ਹੈ, ਜਦਕਿ ਮੌਜੂਦਾ ਦੌਰ ਵਿਚ ਕੰਮ ਦੇ ਘੰਟੇ ਘਟਾਏ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਮਜ਼ਦੂਰਾਂ ਤੋਂ 60 ਦਿਨਾਂ ਲਈ ਕੰਮ ਮੰਗਣ ਦਾ ਮੂਲ ਅਧਿਕਾਰ ਵੀ ਖੋਹ ਲਿਆ ਗਿਆ ਹੈ ਅਤੇ ਘੱਟੋ-ਘੱਟ ਉਜਰਤ ਵਰਗਾ ਸ਼ਬਦ ਵੀ ਇਸ ਨਵੇਂ ਐਕਟ ਵਿਚੋਂ ਹਟਾ ਦਿੱਤਾ ਗਿਆ ਹੈ। ਸਰਬਜੀਤ ਕੌਰ ਖੋਸਾ ਨੇ ਅੱਗੇ ਕਿਹਾ ਕਿ ਬਜਟ ਦਾ 40 ਫ਼ੀਸਦੀ ਭਾਰ ਸੂਬਾ ਸਰਕਾਰਾਂ ‘ਤੇ ਪਾਉਣ ਨਾਲ ਮਜ਼ਦੂਰਾਂ ਦੀਆਂ ਸਮੱਸਿਆਵਾਂ ਹੋਰ ਵੀ ਵਧਣਗੀਆਂ। ਉਨ੍ਹਾਂ ਸਾਰੀਆਂ ਮਜ਼ਦੂਰ ਪੱਖੀ ਜੱਥੇਬੰਦੀਆਂ, ਰਾਜਨੀਤਕ ਪਾਰਟੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਜ਼ਦੂਰ ਵਿਰੋਧੀ ਕਾਨੂੰਨ ਨੂੰ ਲਾਗੂ ਨਾ ਕਰਨ ਲਈ ਸਘੰਰਸ਼ ਕਰਨ।