ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਢੁੱਡੀਕੇ ਕਾਲਜ ’ਚ ਵਿਧਾਇਕ ਬਿਲਾਸਪੁਰ ਨੂੰ ਸੌਂਪਿਆ ਮੰਗਪੱਤਰ
ਲਾਲਾ ਲਾਜਪਤ ਰਾਏ ਸਰਕਾਰੀ ਕਾਲਜ
Publish Date: Thu, 23 Apr 2026 04:59 PM (IST)
Updated Date: Thu, 23 Apr 2026 05:01 PM (IST)

ਅਵਤਾਰ ਸਿੰਘ 0 ਪੰਜਾਬੀ ਜਾਗਰਣ ਅਜੀਤਵਾਲ : ਲਾਲਾ ਲਾਜਪਤ ਰਾਏ ਸਰਕਾਰੀ ਕਾਲਜ ਢੁੱਡੀਕੇ ’ਚ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਬਿਲਾਸਪੁਰ ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਵਿਧਾਇਕ ਦੀ ਕਾਲਜ ਫ਼ੇਰੀ ਦੌਰਾਨ ਪੀਐੱਸਯੂ ਦੀ ਕਾਲਜ ਕਮੇਟੀ ਵੱਲੋਂ ਉਨ੍ਹਾਂ ਨੂੰ ਰੋਕ ਕੇ ਕਾਲਜ ਦੀ ਹਾਲਤ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਪੀਐੱਸਯੂ ਦੇ ਜ਼ਿਲ੍ਹਾ ਆਗੂ ਹਰਪ੍ਰੀਤ ਸਿੰਘ ਢੁੱਡੀਕੇ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਸਮੇਤ ਕਿਸੇ ਵੀ ਸਰਕਾਰ ਨੇ ਇਸ ਕਾਲਜ ਵੱਲ ਕੋਈ ਧਿਆਨ ਨਹੀਂ ਦਿੱਤਾ। ਸਿੱਖਿਆ ਕ੍ਰਾਂਤੀ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲ਼ੀ ਸਰਕਾਰ ਦੇ ਸਮੇਂ ਵਿਚ ਸਕੂਲਾਂ ਕਾਲਜਾਂ ਦਾ ਹਾਲ ਹੋਰ ਵੀ ਮਾੜਾ ਹੋ ਗਿਆ ਹੈ। ਕਾਲਜ ਵਿਚ ਲਾਇਬ੍ਰੇਰੀ ਦੀ ਇਮਾਰਤ ਦੀ ਖ਼ਸਤਾ ਹਾਲਤ ਅਤੇ ਲਾਇਬ੍ਰੇਰੀਅਨ ਦੀ ਗ਼ੈਰ ਮੌਜੂਦਗੀ ਕਰਕੇ ਕਾਲਜ਼ ਦੀ ਲਾਇਬ੍ਰੇਰੀ ਬੰਦ ਪਈ ਹੈ। ਕਾਲਜ ਦੇ ਬਾਥਰੂਮਾਂ ਵਿਚ ਪਾਣੀ ਅਤੇ ਨਿਕਾਸੀ ਦਾ ਬਹੁਤ ਮਾੜਾ ਹਾਲ ਹੈ। ਇਸ ਸਬੰਧੀ ਪਹਿਲਾਂ ਵੀ ਕਾਲਜ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਪਰ ਹੁਣ ਤੱਕ ਕੋਈ ਸੁਣਵਾਈ ਨਹੀਂ ਹੋਈ। ਇਸ ਤੋਂ ਇਲਾਵਾ ਕਾਲਜ ਵਿਚ ਕਈ ਵਿਸ਼ਿਆਂ ਦੇ ਪ੍ਰੋਫ਼ੈਸਰਾਂ ਦੀਆਂ ਸੀਟਾਂ ਵੀ ਖ਼ਾਲੀ ਪਈਆਂ ਹਨ। ਢੁੱਡੀਕੇ ਕਾਲਜ਼ ਮੋਗਾ ਜ਼ਿਲ੍ਹੇ ਦੀ ਇਤਿਹਾਸਕ ਵਿੱਦਿਅਕ ਸੰਸਥਾ ਹੈ, ਇਸ ਦੀ ਅਜਿਹੀ ਹਾਲਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਵਿਦਿਆਰਥੀਆਂ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਦੀਆਂ ਮੰਗਾਂ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਵੱਡੇ ਸੰਘਰਸ਼ ਦੀ ਤਿਆਰੀ ਕੀਤੀ ਜਾਵੇਗੀ। ਇਸ ਮੌਕੇ ਕਾਲਜ ਇਕਾਈ ਵੱਲੋਂ ਜਸ਼ਨਪ੍ਰੀਤ ਸਿੰਘ, ਜਗਸੀਰ ਚਕਰ, ਅਕਾਸ਼ਦੀਪ ਸਿੰਘ, ਗੁਰਜੋਤ ਸਿੰਘ, ਅਭੀਸ਼ੇਕ ਸ਼ਰਮਾ , ਰਗਨਦੀਪ, ਸੰਜੀਵ, ਸੁਖਪ੍ਰੀਤ ਅਤੇ ਹੋਰ ਵਿਦਿਆਰਥੀ ਹਾਜ਼ਰ ਸਨ।