ਮੇਰੀ ਰਸੋਈ ਸਕੀਮ ਸ਼ੁਰੂ ਕਰਨਾ ਇਤਿਹਾਸਕ ਕਦਮ : ਮਧੇਕੇ
ਆਮ ਆਦਮੀ ਪਾਰਟੀ ਮੋਗਾ
Publish Date: Thu, 26 Feb 2026 04:06 PM (IST)
Updated Date: Fri, 27 Feb 2026 04:02 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਆਮ ਆਦਮੀ ਪਾਰਟੀ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਬਰਿੰਦਰ ਕੁਮਾਰ ਮਧੇਕੇ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੇਰੀ ਰਸੋਈ ਸਕੀਮ ਸ਼ੁਰੂ ਕਰਨ ਦੀ ਖੁੱਲ੍ਹੇ ਦਿਲ ਨਾਲ ਸ਼ਲਾਘਾ ਕਰਦਿਆਂ ਕਿਹਾ ਕਿ ਲੋਕ ਪੱਖੀ ਅਤੇ ਆਮ ਲੋਕਾਂ ਦੇ ਦੁੱਖ ਦਰਦ ਸਮਝਣ ਵਾਲੀ ਸਰਕਾਰ ਦਾ ਮੁਖੀ ਹੀ ਅਜਿਹੀਆਂ ਸਕੀਮਾਂ ਰਾਹੀਂ ਲੋਕਾਂ ਨੂੰ ਵੱਡਾ ਲਾਹਾ ਦੇ ਸਕਦਾ ਹੈ ਨਹੀਂ ਤਾਂ ਪਿਛਲੀਆਂ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੇ ਤਾਂ ਆਪਣੇ ਚਹੇਤਿਆਂ ਨੂੰ ਹੀ ਫ਼ਾਇਦੇ ਪਹੁੰਚਾਏ ਸਨ ਪਰ ਆਮ ਆਦਮੀ ਪਾਰਟੀ ਆਪਣੇ ਕੀਤੇ ਵਾਅਦੇ ਤਾਂ ਪੂਰੇ ਕਰ ਹੀ ਰਹੀ ਹੈ ਸਗੋਂ ਹੋਰ ਵੀ ਲੋਕ ਭਲਾਈ ਦੇ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਕਰ ਰਹੀ ਹੈ। ਚੇਅਰਮੈਨ ਮਧੇਕੇ ਨੇ ਕਿਹਾ ਕਿ ਪੰਜਾਬ ਵਿਚ ਪਹਿਲੀ ਵਾਰ ਕਿਸੇ ਸਰਕਾਰ ਨੇ ਵਿਆਪਕ ਪੱਧਰ ’ਤੇ ਖੁਰਾਕ ਅਤੇ ਪੋਸ਼ਣ ਸੁਰੱਖਿਆ ਨੂੰ ਮਜ਼ਬੂਤੀ ਦੇਣ ਦੇ ਉਦੇਸ਼ ਨਾਲ ਅਜਿਹੀ ਇਤਿਹਾਸਕ ਪਹਿਲ ਕੀਤੀ ਹੈ, ਜਿਸ ਨਾਲ 40 ਲੱਖ ਨੀਲੇ ਕਾਰਡ ਧਾਰਕ ਪਰਿਵਾਰਾਂ ਨੂੰ ਲਾਭ ਪਹੁੰਚੇਗਾ। ਚੇਅਰਮੈਨ ਮਧੇਕੇ ਨੇ ਇਹ ਵੀ ਕਿਹਾ ਕਿ ਇਤਿਹਾਸ ਵਿਚ ਪਹਿਲੀ ਵਾਰ ਹੋਵੇਗਾ ਕਿ ਕਿਸੇ ਸਰਕਾਰ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ਤੋਂ ਜਿਆਦਾ ਲਾਭਦਾਇਕ ਸਕੀਮਾਂ ਆਪਣੇ ਰਾਜ ਦੇ ਲੋਕਾਂ ਨੂੰ ਦਿੱਤੀਆਂ ਹੋਣ ਕਿਉਂਕਿ ਆਮ ਆਦਮੀ ਪਾਰਟੀ ਨੇ ਇਹ ਗਰੰਟੀ ਤਾਂ ਚੋਣ ਮਨੋਰਥ ਪੱਤਰ ਵਿਚ ਲਿਖੀ ਹੀ ਨਹੀਂ ਸੀ ਪਰ ਇਹ ਪੰਜਾਬ ਦੇ ਲੋਕਾਂ ਪ੍ਰਤੀ ਸਰਕਾਰ ਨੇ ਆਪਣੀ ਨੈਤਿਕ ਜੁੰਮੇਵਾਰੀ ਤਹਿਤ ਸਕੀਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਉਕਤ ਰਸੋਈ ਸਕੀਮ ਇਹ ਯਕੀਨੀ ਬਣਾਏਗੀ ਕਿ ਲਾਭਦਾਇਕ ਪਰਿਵਾਰਾਂ ਨੂੰ ਉਨ੍ਹਾਂ ਦੀਆਂ ਰਸੋਈਆਂ ਵਿਚ ਪੋਸ਼ਟਿਕ ਅਤੇ ਮਿਆਰੀ ਸਮੱਗਰੀ ਮਿਲ ਰਹੀ ਹੈ। ਚੇਅਰਮੈਨ ਮਧੇਕੇ ਨੇ ਵਿਰੋਧੀ ਪਾਰਟੀਆਂ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਕਦਮ ਨਾਲ ਉਨ੍ਹਾਂ ਕੋਲ ਅੱਜ ਕਹਿਣ ਨੂੰ ਕੁੱਝ ਵੀ ਨਹੀਂ ਰਹਿ ਗਿਆ ਕਿਉਂਕਿ ਵਿਰੋਧੀ ਪਾਰਟੀਆਂ ਹਰੇਕ ਮੁੱਦੇ ਤੇ ਸੌੜੀ ਰਾਜਨੀਤੀ ਹੀ ਕਰ ਸਕਦੀਆਂ ਹਨ ਪਰ ਪੰਜਾਬ ਦੇ ਲੋਕਾਂ ਲਈ ਉਨ੍ਹਾਂ ਕੋਲ ਕੋਈ ਰੋਡਮੈਪ ਨਹੀਂ ਜੋ ਉਹ ਦੇ ਸਕਣ। ਇਸ ਮੇਰੀ ਰਸੋਈ ਕਿੱਟ ਵਿਚ ਦਾਲ, ਚੀਨੀ, ਨਮਕ,ੜਹਲਦੀ ਅਤੇ ਸਰੋਂ ਦਾ ਤੇਲ ਸ਼ਾਮਲ ਹੋਵੇਗਾ। ਅਖੀਰ ਵਿਚ ਚੇਅਰਮੈਨ ਬਰਿੰਦਰ ਕੁਮਾਰ ਮਧੇਕੇ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਹੋਰ ਲੋਕ-ਪੱਖੀ ਸਕੀਮ ਪੰਜਾਬ ਦੇ ਲੋਕਾਂ ਨੂੰ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀਨਾ ਸਾਹਿਬ, ਦਵਿੰਦਰ ਸਿੰਘ ਤਖਤੂਪੁਰਾ ਸੰਗਠਨ ਇੰਚਾਰਜ਼, ਸੱਤਪਾਲ ਭੋਲਾ ਦਫ਼ਤਰ ਇੰਚਾਰਜ਼, ਪ੍ਰਦੀਪ ਸ਼ਰਮਾ ਅਤੇ ਦਿਲਪ੍ਰੀਤ ਭਾਗੀਕੇ ਹਾਜ਼ਰ ਸਨ ।