- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਗੌਰਮਿੰਟ ਟਰਾਂਸਪੋਰਟਗੁਰਜੰਟ ਸਿੰਘ ਕੋਕਰੀ।

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਬਰਾਂਚ ਮੋਗਾ ਦੀ ਮੀਟਿੰਗ ਕਾ. ਸਤੀਸ਼ ਲੂੰਬਾ ਵਿਖੇ ਹੋਈ। ਇਸ ਮੌਕੇ ਮੀਟਿੰਗ ਨੂੰ ਸੰਬੋਧਤ ਕਰਦਿਆਂ ਗੁਰਜੰਟ ਸਿੰਘ ਕੋਕਰੀ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਰਵਾਇਤੀ ਪਾਰਟੀਆਂ ਤੋਂ ਅੱਕੇ ਹੋਏ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸ਼ਾਨਦਾਰ ਜਿੱਤ ਦਵਾਈ ਹਾਲਾਂਕਿ ਇਸ ਪਾਰਟੀ ਵੱਲੋਂ ਪੰਜਾਬ ਲਈ ਕੋਈ ਸੰਘਰਸ਼ ਨਹੀਂ ਲੜਿਆ ਗਿਆ। ਟਰਾਂਸਪੋਰਟ ਵਿਭਾਗ ਨਾਲ ਜੁੜੇ ਲੋਕਾਂ ਨੂੰ ਖ਼ਾਸ ਖੁਸ਼ੀ ਇਸ ਗੱਲ ਦੀ ਸੀ ਕਿ ਹੁਣ ਵਿਭਾਗ ਬੇਹਤਰ ਕੰਮ ਕਰੇਗਾ ਕਿਉਂਕਿ ਪਹਿਲੀਆਂ ਦੋਵਾਂ ਵੱਡਿਆਂ ਸਿਆਸੀ ਪਾਰਟੀਆਂ ਦੇ ਮੈਂਬਰ ਖ਼ੁਦ ਜਾਂ ਉਨ੍ਹਾਂ ਦੀ ਵੱਡੇ ਟਰਾਂਸਪੋਰਟਰਾਂ ਨਾਲ ਸਾਂਝ ਸੀ। ਪ੍ਰਾਈਵੇਟ ਟਰਾਂਸਪੋਰਟਰਾਂ ਦੀ ਖੁਸ਼ੀ ਤਾਂ ਕਿਸੇ ਹੱਦ ਤੱਕ ਪੂਰੀ ਹੋਈ ਕਿਉਂਕਿ ਇਸ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਵਿਚ ਇਕ ਵੀ ਬੱਸ ਰੋਡਵੇਜ਼ ਵਿਚ ਨਹੀਂ ਪਾਈ ਗਈ। ਇਨ੍ਹਾਂ ਦੇ ਮੁਕਾਬਲੇ ਅਕਾਲੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ 1483 ਬੱਸਾਂ ਅਤੇ ਕਾਂਗਰਸ ਨੇ 868 ਬੱਸਾਂ ਨਵੀਆਂ ਪਾਈਆਂ ਸਨ। ਸਰਕਾਰ ਬਣਨ ਉਪਰੰਤ ਮੁੱਖ ਮੰਤਰੀ ਸਟੇਜ ਤੋਂ ਆਮ ਹੀ ਕਿਹਾ ਕਰਦਾ ਸੀ ਕਿ ਬਾਦਲਾਂ ਦੀਆਂ ਬੱਸਾਂ ’ਤੇ ਵੀ ਰੋਡਵੇਜ਼/ਪੈਪਸੂ ਦਾ ਰੰਗ ਕਰਵਾ ਕੇ ਸਰਕਾਰੀ ਵਿਚ ਸ਼ਾਮਿਲ ਕਰ ਦਿੱਤਾ ਜਾਵੇਗਾ ਪਰ ਚਾਰ ਸਾਲ ਲੰਘਣ ਉਪਰੰਤ ਵੀ ਕੋਈ ਪਾਲਿਸੀ ਨਹੀਂ ਬਣੀ ਨਾ ਹੀ ਉੱਚ ਅਦਾਲਤਾਂ ਦੇ ਫ਼ੈਸਲੇ ਮੁਤਾਬਿਕ ਗ਼ੈਰ ਕਨੂੰਨੀ ਪਰਮਿਟ ਰੱਦ ਕਰਨ ਤੇ ਠੋਸ ਅਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਬਦਲੀਆਂ ਜੋ ਡਾਇਰੈਕਟਰ ਸਟੇਟ ਟਰਾਂਸਪੋਰਟ ਵੱਲੋਂ ਕਰਨੀਆਂ ਹੁੰਦੀਆਂ ਹਨ, ਉਨ੍ਰਾਂ ਦੇ ਵੀ ਸਾਰੇ ਅਧਿਕਾਰ ਖੋਹ ਕੇ ਟਰਾਂਸਪੋਰਟ ਮੰਤਰੀ ਨੇ ਆਪਣੇ ਕੋਲ ਰੱਖ ਲਏ ਹਨ ਤਾਂ ਜੋ ਬਦਲੀਆਂ ਦੇ ਇਵਜ਼ ਵਿਚ ਕਰਮਚਾਰੀਆਂ ਦੀ ਲੁੱਟ ਕੀਤੀ ਜਾ ਸਕੇ। ਸਟਾਫ ਦੀ ਵੱਡੀ ਘਾਟ ਦੇ ਬਾਵਜੂਦ ਮੌਤ ਹੋਏ ਮੁਲਾਜ਼ਮਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ। ਮਹਿਕਮੇ ਦੀ ਤਰਾਸਦੀ ਹੈ ਕਿ ਕਿਸੇ ਵੀ ਸਰਕਾਰ ਸਮੇਂ ਕੋਈ ਤਜਰਬੇਕਾਰ ਟਰਾਂਸਪੋਰਟ ਮੰਤਰੀ ਨਹੀਂ ਮਿਲਿਆ ਪਰ ਮੌਜੂਦਾ ਮੰਤਰੀ ਨਾ ਕੇਵਲ ਗੈਰ ਤਜ਼ੁਰਬੇਕਾਰ ਬਲਕਿ ਲਾਪਰਵਾਹ ਵੀ ਹੈ। 18 ਡਿੱਪੂਆਂ ਵਿਚ ਅੱਧੇ ਤੋਂ ਵੱਧ ਜਨਰਲ ਮੈਨੇਜਰ ਪੱਕੇ ਨਹੀਂ ਬਲਕਿ ਵਿਸ਼ੇਸ਼ ਚਾਰਜ ਦੇ ਕੇ ਲਗਾਏ ਗਏ ਹਨ ਜਿਸ ਕਰਕੇ ਮਨਮਰਜ਼ੀ ਦੇ ਫ਼ੈਸਲੇ ਅਤੇ ਭ੍ਰਿਸ਼ਟਾਚਾਰ ਕਰਵਾਇਆ ਜਾਂਦਾ ਹੈ। ਜਿਸ ਕਾਰਨ ਮਜ਼ਬੂਰਨ ਮੁਲਾਜ਼ਮਾਂ ਨੂੰ ਹੜਤਾਲਾਂ ਕਰਨੀਆਂ ਪੈਂਦੀਆਂ ਹਨ ਤੇ ਆਰਥਿਕ ਨੁਕਸਾਨ ਦੇ ਨਾਲ ਵਿਭਾਗ ਪ੍ਰਤੀ ਬੇਯਕੀਨੀ ਵੀ ਵੱਧ ਰਹੀ ਹੈ ਜਦੋਂਕਿ ਪੱਕਾ ਰੁਜ਼ਗਾਰ ਅਤੇ ਪੁਰਾਣੀ ਪੈਨਸ਼ਨ ਲਾਗੂ ਕਰਨਾ ਸਰਕਾਰ ਦੀਆਂ ਮੁੱਖ ਗਰੰਟੀਆਂ ਵਿਚੋਂ ਇੱਕ ਸੀ। ਉਪਰੋਕਤ ਸਾਰੀਆਂ ਮੰਗਾਂ ਦੀ ਪ੍ਰਾਪਤੀ ਲਈ ਜਥੇਬੰਦੀ ਮਿਤੀ 07 ਮਾਰਚ 2026 ਨੂੰ ਟਰਾਂਸਪੋਰਟ ਮੰਤਰੀ ਦੇ ਸ਼ਹਿਰ ਪੱਟੀ ਵਿਖੇ ਵਿਸ਼ਾਲ ਰੋਸ ਰੈਲੀ ਕਰ ਰਹੀ ਹੈ ਜਿਸ ਵਿਚ ਸਮੁੱਚੇ ਪੰਜਾਬ ’ਚੋਂ ਮੁਲਾਜ਼ਮ ਅਤੇ ਪੰਜਾਬ ਪੈਨਸ਼ਨਰ ਯੂਨੀਅਨ ਦੇ ਸਾਥੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਣਗੇ। ਅੱਜ ਦੀ ਮੀਟਿੰਗ ਵਿਚ ਸੁਰਿੰਦਰ ਸਿੰਘ ਬਰਾੜ, ਗੁਰਦੀਪ ਸਿੰਘ ਮੁਲਾਪੁਰ, ਰਾਜਵੀਰ ਸਿੰਘ ਪ੍ਰਧਾਨ, ਮਨਦੀਪ ਸਿੰਘ ਮੱਖੂ, ਸਤਨਾਮ ਸਿੰਘ ਸੀਵੀਆ ਗੁਰਪ੍ਰੀਤ ਸਿੰਘ ਧੂਹੜ ਅਤੇ ਸਾਥੀ ਸ਼ਾਮਿਲ ਸਨ।