ਕਲਮ ਦੀ ਆਜ਼ਾਦੀ ’ਤੇ ਹਮਲੇ ਬਰਦਾਸ਼ਤ ਨਹੀਂ : ਦੌਲਤਪੁਰਾ
ਪੰਜਾਬ ਵਿਚ ਪੱਤਰਕਾਰਾਂ ਖ਼ਿਲਾਫ਼
Publish Date: Thu, 08 Jan 2026 05:15 PM (IST)
Updated Date: Fri, 09 Jan 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਪੰਜਾਬ ਵਿਚ ਪੱਤਰਕਾਰਾਂ ਖ਼ਿਲਾਫ਼ ਦਰਜ ਕੀਤੇ ਜਾ ਰਹੇ ਝੂਠੇ ਅਤੇ ਬੇਬੁਨਿਆਦ ਪਰਚਿਆਂ ਦੇ ਮਾਮਲੇ ਨੇ ਗੰਭੀਰ ਰੂਪ ਧਾਰਨ ਕਰ ਲਿਆ ਹੈ। ਇਸ ਸਬੰਧ ਵਿਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਵੀਰਵਾਰ ਨੂੰ ਰੋਸ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਹ ਕਲਮ ਦਾ ਗਲਾ ਘੁੱਟਣ ਵਾਲੀ ਨੀਤੀ ਨੂੰ ਤੁਰੰਤ ਤੌਰ ‘ਤੇ ਬੰਦ ਕਰੇ ਅਤੇ ਪੱਤਰਕਾਰਾਂ ‘ਤੇ ਦਰਜ ਸਾਰੇ ਝੂਠੇ ਪਰਚੇ ਬਿਨਾਂ ਕਿਸੇ ਭੇਦਭਾਵ ਦੇ ਰੱਦ ਕੀਤੇ ਜਾਣ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਨੇ ਕਿਹਾ ਕਿ ਪੱਤਰਕਾਰ ਸਮਾਜ ਦੀ ਅੱਖ ਅਤੇ ਆਵਾਜ਼ ਹੁੰਦੇ ਹਨ, ਜੋ ਲੋਕਾਂ ਦੇ ਮਸਲੇ ਸਰਕਾਰ ਤੱਕ ਪਹੁੰਚਾਉਂਦੇ ਹਨ। ਜੇਕਰ ਅਜਿਹੀ ਆਵਾਜ਼ ਨੂੰ ਡਰਾਏ-ਧਮਕਾਏ ਜਾਂ ਕੇਸਾਂ ਦੇ ਜ਼ਰੀਏ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਲੋਕਤੰਤਰ ਲਈ ਘਾਤਕ ਸਾਬਤ ਹੋਵੇਗੀ। ਦੌਲਤਪੁਰਾ ਨੇ ਕਿਹਾ ਕਿ ਸਰਕਾਰ ਆਲੋਚਨਾ ਤੋਂ ਡਰ ਕੇ ਤਾਕਤ ਦਾ ਗਲਤ ਇਸਤੇਮਾਲ ਕਰ ਰਹੀ ਹੈ, ਜੋ ਕਿਸੇ ਵੀ ਤਰ੍ਹਾਂ ਸਵੀਕਾਰਯੋਗ ਨਹੀਂ। ਉਨ੍ਹਾਂ ਕਿਹਾ ਕਿ ਪ੍ਰੈੱਸ ਦੀ ਆਜ਼ਾਦੀ ਭਾਰਤੀ ਸੰਵਿਧਾਨ ਵੱਲੋਂ ਦਿੱਤਾ ਗਿਆ ਮੂਲ ਅਧਿਕਾਰ ਹੈ ਅਤੇ ਇਸ ‘ਤੇ ਹਮਲਾ ਸੰਵਿਧਾਨਕ ਮੁੱਲਾਂ ਦੀ ਸਿੱਧੀ ਉਲੰਘਣਾ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਕਿਸੇ ਵੀ ਕੀਮਤ ‘ਤੇ ਪੱਤਰਕਾਰਾਂ ਦੀ ਆਵਾਜ਼ ਨੂੰ ਦਬਣ ਨਹੀਂ ਦੇਵੇਗੀ। ਇਸ ਮੌਕੇ ਯੂਨੀਅਨ ਵੱਲੋਂ ਪੱਤਰਕਾਰਾਂ ‘ਤੇ ਦਰਜ ਕੀਤੇ ਗਏ ਝੂਠੇ ਪਰਚਿਆਂ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਗਿਆ ਕਿ ਅਜਿਹੇ ਕੇਸ ਸਰਕਾਰ ਦੀ ਨਾਕਾਮੀ ਅਤੇ ਬੇਚੈਨੀ ਨੂੰ ਦਰਸਾਉਂਦੇ ਹਨ। ਇਸ ਮੌਕੇ ਜਸਵਿੰਦਰ ਸਿੰਘ ਸਰਾਵਾਂ ਨੇ ਕਿਹਾ ਕਿ ਪ੍ਰੈੱਸ ‘ਤੇ ਦਬਾਅ ਬਣਾਉਣਾ ਲੋਕਾਂ ਦੇ ਮਸਲਿਆਂ ਨੂੰ ਦਬਾਉਣ ਦੇ ਬਰਾਬਰ ਹੈ। ਮੀਤ ਪ੍ਰਧਾਨ ਲਖਵਿੰਦਰ ਸਿੰਘ ਰੌਲੀ ਨੇ ਕਿਹਾ ਕਿ ਜਦ ਤੱਕ ਪੱਤਰਕਾਰ ਨਿਡਰ ਹੋ ਕੇ ਕੰਮ ਨਹੀਂ ਕਰ ਸਕਦੇ, ਤਦ ਤੱਕ ਲੋਕਤੰਤਰ ਮਜ਼ਬੂਤ ਨਹੀਂ ਹੋ ਸਕਦਾ। ਜ਼ਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ ਨੇ ਵੀ ਸਰਕਾਰ ਤੋਂ ਮੰਗ ਕੀਤੀ ਕਿ ਉਹ ਤੁਰੰਤ ਦਖ਼ਲ ਦੇ ਕੇ ਪੱਤਰਕਾਰਾਂ ਖ਼ਿਲਾਫ਼ ਦਰਜ ਪਰਚਿਆਂ ਨੂੰ ਰੱਦ ਕਰੇ। ਇਸ ਰੋਸ ਪ੍ਰਦਰਸ਼ਨ ਦੌਰਾਨ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਕਈ ਆਗੂਆਂ ਅਤੇ ਵਰਕਰਾਂ ਨੇ ਹਿੱਸਾ ਲਿਆ ਅਤੇ ਇਕਸੁਰ ਹੋ ਕੇ ਪ੍ਰੈੱਸ ਦੀ ਆਜ਼ਾਦੀ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਯੂਨੀਅਨ ਨੇ ਸਪਸ਼ਟ ਕੀਤਾ ਕਿ ਕਲਮ ਦੀ ਆਜ਼ਾਦੀ ਲਈ ਸੰਘਰਸ਼ ਜਾਰੀ ਰਹੇਗਾ ਅਤੇ ਕਿਸੇ ਵੀ ਕੀਮਤ ‘ਤੇ ਲੋਕਾਂ ਦੀ ਆਵਾਜ਼ ਨੂੰ ਚੁੱਪ ਨਹੀਂ ਹੋਣ ਦਿੱਤਾ ਜਾਵੇਗਾ।