ਸਿਵਲ ਹਸਪਤਾਲ ’ਚ ਕਰਵਾਓ ਜਣੇਪਾ : ਸਿਵਲ ਸਰਜਨ
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ
Publish Date: Tue, 06 Jan 2026 03:17 PM (IST)
Updated Date: Wed, 07 Jan 2026 03:59 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਤੇ ਡਾ. ਬਲਬੀਰ ਸਿੰਘ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਦੇ ਹੁਕਮਾਂ ਅਨੁਸਾਰ ਸਿਹਤ ਸੇਵਾਵਾਂ ਬਾਰੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਅਤੇ ਸਿਹਤ ਸੇਵਾਵਾਂ ਬਾਰੇ ਜਾਗਰੂਕ ਕਰਨ ਦੇ ਲਈ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ ਮਹਿੰਦਰਾ ਨੇ ਜ਼ਿਲ੍ਹੇ ਦੇ ਸਮੂਹ ਗਰਭਵਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਜਣੇਪਾ ਸਰਕਾਰੀ ਸਿਹਤ ਸੰਸਥਾਵਾਂ ਖ਼ਾਸ ਕਰਕੇ ਸਿਵਲ ਹਸਪਤਾਲ ਵਿਚ ਹੀ ਕਰਵਾਇਆ ਜਾਵੇ।
ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿਚ ਮਾਹਿਰ ਡਾਕਟਰਾਂ, ਮਾਹਿਰ ਅਤੇ ਪੂਰੀ ਤਰਾ ਸਿੱਖਿਅਤ ਨਰਸਿੰਗ ਸਟਾਫ਼, ਆਧੁਨਿਕ ਸਾਜੋ-ਸਮਾਨ ਅਤੇ ਐਮਰਜੈਂਸੀ ਸਹੂਲਤਾਂ ਉਪਲਬਧ ਹਨ, ਜਿਸ ਨਾਲ ਮਾਂ ਅਤੇ ਨਵਜੰਮੇ ਬੱਚੇ ਦੀ ਸੁਰੱਖਿਆ ਯਕੀਨੀ ਬਣਾਈ ਜਾਂਦੀ ਹੈ। ਜਣੇਪੇ ਦੌਰਾਨ ਆਉਣ ਵਾਲੀਆਂ ਕਿਸੇ ਵੀ ਜਟਿਲਤਾ ਨਾਲ ਨਜਿੱਠਣ ਲਈ ਹਸਪਤਾਲ ਪੂਰੀ ਤਰ੍ਹਾਂ ਤਿਆਰ ਹੈ। ਡਾ. ਮਹਿੰਦਰਾ ਨੇ ਕਿਹਾ ਕਿ ਸਰਕਾਰੀ ਹਸਪਤਾਲ ਵਿਚ ਜਣੇਪਾ ਕਰਵਾਉਣ ਨਾਲ ਮਹਿਲਾਵਾਂ ਨੂੰ ਜਨਨੀ ਸੁਰੱਖਿਆ ਯੋਜਨਾ ਅਤੇ ਹੋਰ ਸਰਕਾਰੀ ਸਕੀਮਾਂ ਦੇ ਲਾਭ ਵੀ ਮਿਲਦੇ ਹਨ, ਜਿਸ ਨਾਲ ਆਰਥਿਕ ਭਾਰ ਘੱਟ ਹੁੰਦਾ ਹੈ।
ਇਸ ਦੇ ਨਾਲ ਹੀ ਨਵਜੰਮੇ ਬੱਚੇ ਨੂੰ ਟੀਕਾਕਰਨ, ਮਾਂ ਨੂੰ ਬਾਅਦ ਦੀ ਸੰਭਾਲ ਅਤੇ ਪੋਸ਼ਣ ਸਬੰਧੀ ਸਲਾਹ ਵੀ ਮੁਫ਼ਤ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗੈਰ- ਸਿੱਖਿਅਤ ਸੰਸਥਾਵਾਂ ਦੀ ਬਜਾਏ ਸਿਵਲ ਹਸਪਤਾਲ ਜਾਂ ਨੇੜਲੀ ਸਰਕਾਰੀ ਸਿਹਤ ਸੰਸਥਾ ਵਿਚ ਹੀ ਜਣੇਪਾ ਕਰਵਾਇਆ ਜਾਵੇ, ਤਾਂ ਜੋ ਮਾਂ ਅਤੇ ਬੱਚੇ ਦੀ ਜਾਨ ਨੂੰ ਕਿਸੇ ਵੀ ਤਰ੍ਹਾਂ ਦਾ ਖ਼ਤਰਾ ਨਾ ਹੋਵੇ। ਇਸ ਮੌਕੇ ਉਨ੍ਹਾਂ ਨਾਲ ਡਾ ਹਰਿੰਦਰ ਸਿੰਘ ਸੂਦ ਐੱਸਐੱਮਓ ਸਿਵਲ ਹਸਪਤਾਲ ਮੋਗਾ ਵੀ ਹਾਜ਼ਰ ਸਨ।