ਫੂਡ ਸੇਫਟੀ ਟੀਮ ਨੇ ਖਾਧ ਪਦਾਰਥਾਂ ਦੇ ਸੈਂਪਲ ਭਰੇ
ਡਾਇਰੈਕਟਰ ਸਿਹਤ ਅਤੇ ਪਰਿਵਾਰ
Publish Date: Thu, 19 Mar 2026 04:07 PM (IST)
Updated Date: Fri, 20 Mar 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਅਤੇ ਸਿਵਲ ਸਰਜਨ ਮੋਗਾ ਡਾ. ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਸੰਦੀਪ ਸਿੰਘ ਦੀ ਅਗਵਾਈ ਹੇਠ ਫੂਡ ਸੇਫ਼ਟੀ ਟੀਮ ਮੋਗਾ ਵੱਲੋਂ ਸ਼ਹਿਰ ਵਿਚ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਅਤੇ ਸਫ਼ਾਈ ਮਿਆਰਾਂ ਦੀ ਜਾਂਚ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਦੌਰਾਨ ਟੀਮ ਵੱਲੋਂ ਮੇਨ ਬਾਜ਼ਾਰ ਮੋਗਾ ਤੋਂ ਲੇਮਨ ਸੋਡਾ ਦੇ ਦੋ ਸੈਂਪਲ ਭਰੇ ਗਏ, ਜਿਨ੍ਹਾਂ ਨੂੰ ਲੈਬ ਵਿਚ ਜਾਂਚ ਲਈ ਭੇਜਿਆ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਨਮੂਨੇ ਫੂਡ ਸੇਫ਼ਟੀ ਮਿਆਰਾਂ ਅਨੁਸਾਰ ਹਨ। ਇਸ ਤੋਂ ਇਲਾਵਾ ਮਿਊਂਸਪਲ ਕਾਰਪੋਰੇਸ਼ਨ ਦੇ ਚੀਫ਼ ਸੈਨੇਟਰੀ ਇੰਸਪੈਕਟਰ ਅਤੇ ਫੂਡ ਸੇਫ਼ਟੀ ਅਫ਼ਸਰ ਯੋਗੇਸ਼ ਗੋਇਲ ਦੇ ਨਾਲ ਮਿਲ ਕੇ ਅਕਾਲਸਰ ਰੋਡ, ਬੰਦ ਫਾਟਕ ਅਤੇ ਅੰਮ੍ਰਿਤਸਰ ਰੋਡ ’ਤੇ ਸਥਿਤ ਮੀਟ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਕੁੱਝ ਮੀਟ ਦੀਆਂ ਦੁਕਾਨਾਂ ’ਚ ਗੰਦਗੀ ਅਤੇ ਸਫ਼ਾਈ ਦੇ ਮਿਆਰਾਂ ਦੀ ਉਲੰਘਣਾ ਪਾਈ ਗਈ, ਜਿਸ ਦੇ ਚਲਦਿਆਂ 4 ਚਾਲਾਨ ਗੈਰ-ਸੁੱਚੀਆਂ ਹਾਲਤਾਂ ਲਈ ਕੱਟੇ ਗਏ। ਮੀਟ ਦੀਆਂ ਦੁਕਾਨਾਂ ਦੇ ਮਾਲਕਾਂ ਨੂੰ ਇੰਪਰੂਵਮੈਂਟ ਨੋਟਿਸ ਜਾਰੀ ਕਰਕੇ ਤੁਰੰਤ ਸੁਧਾਰ ਕਰਨ ਲਈ ਕਿਹਾ ਗਿਆ। ਅਧਿਕਾਰੀਆਂ ਵੱਲੋਂ ਦੁਕਾਨਦਾਰਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਕਿ ਸਫ਼ਾਈ, ਸਹੀ ਸਟੋਰੇਜ ਅਤੇ ਖੁਰਾਕ ਦੀ ਸੁਰੱਖਿਅਤ ਹੈਂਡਲਿੰਗ ਨੂੰ ਯਕੀਨੀ ਬਣਾਇਆ ਜਾਵੇ, ਖ਼ਾਸ ਕਰਕੇ ਮੀਟ ਵਰਗੀਆਂ ਜਲਦੀ ਖ਼ਰਾਬ ਹੋਣ ਵਾਲੀਆਂ ਵਸਤੂਆਂ ਲਈ। ਫੂਡ ਸੇ਼ਫ਼ਟੀ ਵਿਭਾਗ ਵੱਲੋਂ ਕਿਹਾ ਗਿਆ ਕਿ ਅਜਿਹੀਆਂ ਚੈਕਿੰਗ ਮੁਹਿੰਮਾਂ ਅੱਗੇ ਵੀ ਜਾਰੀ ਰਹਿਣਗੀਆਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।