ਸਿੰਘਾਂਵਾਲਾ ਕਨਵੈਨਸ਼ਨ ਨੂੰ ਲੈ ਕੇ ਤਿਆਰੀਆਂ ਜ਼ੋਰਾਂ ’ਤੇ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ
Publish Date: Sun, 11 Jan 2026 04:58 PM (IST)
Updated Date: Mon, 12 Jan 2026 04:06 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ : ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਮੀਟਿੰਗ ਪਿੰਡ ਸਿੰਘਾਵਾਲਾ ਵਿਖੇ ਜ਼ਿਲ੍ਹਾ ਸਕੱਤਰ ਛਿੰਦਰ ਸਿੰਘ ਸਾਫੂਵਾਲਾ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿਚ ਯੂਨੀਅਨ ਦੀਆਂ ਸਾਰੀਆਂ ਇਕਾਈਆਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ ਅਤੇ 15 ਜਨਵਰੀ ਨੂੰ ਹੋਣ ਵਾਲੇ ਸੁਬਾਈ ਕਨਵੈਨਸ਼ਨ ਦੀਆਂ ਤਿਆਰੀਆਂ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਦਰਸ਼ਨ ਘੋਲੀਆ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸੁਬਾਈ ਕਨਵੈਨਸ਼ਨ ਨੂੰ ਕਾਮਯਾਬ ਬਣਾਉਣ ਲਈ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਵਿਸ਼ਾਲ ਸੰਪਰਕ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਰਾਜੇਆਣਾ, ਘੋਲੀਆ ਕਲਾਂ, ਘੋਲੀਆ ਖੁਰਦ, ਬੱਧਨੀ ਕਲਾਂ, ਰਾਓਕੇ ਕਲਾਂ, ਫੂਲੇਵਾਲਾ, ਨੱਥੋਕੇ ਅਤੇ ਮਾਣੂੰਕੇ ਆਦਿ ਪਿੰਡਾਂ ਦੇ ਮਜ਼ਦੂਰ ਆਗੂਆਂ ਨਾਲ ਰੂਬਰੂ ਮਿਲਣੀਆਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸਾਰੇ ਆਗੂਆਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ 15 ਜਨਵਰੀ ਨੂੰ ਸਿੰਘਾਂਵਾਲਾ ਵਿਖੇ ਹੋਣ ਵਾਲੇ ਸੁਬਾਈ ਕਨਵੈਨਸ਼ਨ ਮਜ਼ਦੂਰ ਸਾਥੀ ਸ਼ਮੂਲੀਅਤ ਕਰਨਗੇ। ਇਸ ਮੌਕੇ ਲਖਬੀਰ ਸਿੰਘ ਲੱਖਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਬੀਤੇ ਦਿਨ ਪਿੰਡ ਪੰਡੋਰੀ ਖੱਤਰੀਆਂ ਵਿਖੇ ਸੁਬਾਈ ਕਨਵੀਨਿੰਗ ਕਮੇਟੀ ਦੀ ਅਹਿਮ ਮੀਟਿੰਗ ਹੋਈ ਜਿਸ ਵਿਚ ਫਿਰੋਜ਼ਪੁਰ, ਮੋਗਾ, ਬਠਿੰਡਾ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਸਾਰੇ ਜ਼ਿਲ੍ਹਿਆਂ ਵਿਚ ਕਨਵੈਨਸ਼ਨ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਹਰ ਜ਼ਿਲ੍ਹੇ ਤੋਂ ਵੱਡੀ ਗਿਣਤੀ ਵਿੱਚ ਸਾਥੀ ਸਿੰਘਾਂਵਾਲਾ ਪਹੁੰਚਣਗੇ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਬੱਗਾ ਸਿੰਘ ਨੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਨਵੈਨਸ਼ਨ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਵਲੰਟੀਅਰਾਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ। ਅੰਤ ਵਿਚ ਯੂਨੀਅਨ ਆਗੂਆਂ ਵੱਲੋਂ ਸਾਰੇ ਮਜ਼ਦੂਰ ਸਾਥੀਆਂ ਨੂੰ ਅਪੀਲ ਕੀਤੀ ਗਈ ਕਿ ਉਹ 15 ਜਨਵਰੀ ਨੂੰ ਸਮੇਂ ਸਿਰ ਸਿੰਘਾਂਵਾਲਾ ਵਿਖੇ ਪਹੁੰਚ ਕੇ ਸੁਬਾਈ ਕਨਵੈਨਸ਼ਨ ਨੂੰ ਇਤਿਹਾਸਕ ਕਾਮਯਾਬੀ ਦਿਵਾਉਣ।