ਸਾਮਰਾਜ ਵਿਰੋਧੀ ਕਾਨਫ਼ਰੰਸ ਦੀਆਂ ਤਿਆਰੀਆਂ ਜ਼ੋਰਾਂ ’ਤੇ
ਭਾਰਤੀ ਕਿਸਾਨ ਯੂਨੀਅਨ ਏਕਤਾ
Publish Date: Fri, 20 Mar 2026 03:23 PM (IST)
Updated Date: Sat, 21 Mar 2026 04:01 AM (IST)

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕੀਤੀ ਇਕੱਤਰਤਾ ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਵੱਲੋਂ ਇਲਾਕੇ ਦੇ ਪਿੰਡਾਂ ਵਿਚ 23 ਮਾਰਚ ਬਰਨਾਲਾ ਵਿਖੇ ਸਾਮਰਾਜ ਵਿਰੋਧੀ ਕਾਨਫਰੰਸ ਦੀਆਂ ਤਿਆਰੀਆਂ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਹਨ। ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਗੁਰਚਰਨ ਸਿੰਘ ਰਾਮਾਂ ਅਤੇ ਜਰਨਲ ਸਕੱਤਰ ਬੂਟਾ ਸਿੰਘ ਭਾਗੀਕੇ ਕਿਹਾ ਕਿ ਤਿਆਰੀ ਮੁਹਿੰਮ ਪਿੰਡ ਮਾਛੀਕੇ, ਤਖਤੂਪੁਰਾ, ਸੈਦੋਕੇ, ਬੱਧਨੀ ਕਲਾਂ, ਮੀਨੀਆ,ਭਾਗੀਕੇ, ਹਿੰਮਤਪੁਰਾ, ਰਾਮਾਂ ਅਤੇ ਖਾਈ ਆਦਿ ਪਿੰਡਾਂ ਵਿਚ ਮੀਟਿੰਗਾਂ ਅਤੇ ਹੋਰ ਸਰਗਰਮੀਆਂ ਦਾ ਸਿਲਸਿਲਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਾਨਫਰੰਸ ਦੇ ਸੱਦੇ ਤਹਿਤ ਘਰ ਸੱਦਾ ਪੱਤਰ ਦੇ ਕਾਰਡ ਵੰਡੇ ਜਾ ਰਹੇ ਹਨ। ਪਿੰਡਾਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੁਲਦੀਪ ਕੌਰ ਕੁੱਸਾ, ਕੇਵਲ ਕ੍ਰਿਸ਼ਨ ਬੱਧਨੀ ਕਲਾਂ, ਕਰਮਜੀਤ ਕੌਰ ਹਿੰਮਤਪੁਰਾ ਅਤੇ ਗੁਰਮੁਖ ਸਿੰਘ ਹਿੰਮਤਪੁਰਾ ਨੇ ਕਿਹਾ ਕਿ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਵੱਲੋਂ ਦੇਸ਼ ਦੇ ਵਿਚੋਂ ਸਾਮਰਾਜੀ ਲੁੱਟ ਤੇ ਦਾਬੇ ਸਮੇਤ ਹਰ ਕਿਸਮ ਦੇ ਲੁੱਟ ਜ਼ਬਰ ਤੋਂ ਮੁਕਤ ਨਿਜ਼ਾਮ ਸਿਰਜਣ ਦੇ ਲਈ ਆਪਣੀਆਂ ਜਾਨਾਂ ਦੀ ਅਹੂਤੀ ਦਿੱਤੀ ਗਈ ਸੀ ਪਰ ਦੇਸ਼ ਦੀ ਕੇਂਦਰੀ ਸਤਾ ’ਤੇ ਕਾਬਜ਼ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਵੱਲੋਂ ਅਮਰੀਕਨ ਸਾਮਰਾਜ ਸਮੇਤ ਵੱਖ ਵੱਖ ਸਾਮਰਾਜੀ ਤਾਕਤਾਂ ਦੇ ਅੱਗੇ ਪੂਰੀ ਤਰ੍ਹਾਂ ਗੋਡੇ ਟੇਕ ਦਿੱਤੇ ਹਨ। ਉਨ੍ਹਾਂ ਆਖਿਆ ਕਿ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਤਹਿਤ ਖੇਤੀ ਤੇ ਸਨਅਤ ਨੂੰ ਅਮਰੀਕੀ ਸਾਮਰਾਜੀ ਲੁੱਟ ਦੇ ਲਈ ਹੋਰ ਵੀ ਨਿਸ਼ੰਗ ਹੋ ਕੇ ਖੋਲ੍ਹ ਦਿੱਤਾ ਹੈ ਜਿਸ ਨਾਲ ਦੇਸ਼ ਦੀ ਸਮੁੱਚੀ ਆਰਥਿਕਤਾ ਦਾ ਹੋਰ ਵੀ ਧੂੰਆਂ ਨਿੱਕਲ ਜਾਵੇਗਾ। ਉਨ੍ਹਾਂ ਆਖਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤੀ ਹੁਕਮਰਾਨਾਂ ਨੂੰ ਕਦੇ ਰੂਸ ਤੋਂ ਤੇਲ ਨਾ ਖ਼ਰੀਦਣ ਅਤੇ ਕਦੇ 30 ਦਿਨਾਂ ਲਈ ਰੂਸ ਤੋਂ ਤੇਲ ਖ਼ਰੀਦਣ ਲਈ ਚਾੜ੍ਹੇ ਜਾ ਰਹੇ ਹੁਕਮ ਇਸ ਗੱਲ ਦਾ ਨੰਗਾ ਚਿੱਟਾ ਗਵਾਹ ਹਨ ਕਿ ਭਾਰਤ ਸਾਮਰਾਜੀ ਗੁਲਾਮੀ ਤੇ ਦਾਬੇ ਤੋਂ ਮੁਕਤ ਨਹੀਂ ਹੋਇਆ। ਅਮਰੀਕਾ ਅਤੇ ਇਸਰਾਇਲ ਵੱਲੋਂ ਇਰਾਨ ਨਿਹੱਕੀ ਥੋਪੀ ਜੰਗ ਤੁਰੰਤ ਬੰਦ ਕੀਤੀ ਜਾਵੇ। ਉਨ੍ਹਾਂ ਆਖਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਕੇਂਦਰ ਦੀ ਮੋਦੀ ਹਕੂਮਤ ਵਾਂਗ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਗਤੀਸ਼ੀਲ ਨਿਵੇਸ਼ਕ ਸੰਮੇਲਨ ਕਰਵਾ ਕੇ ਸਾਮਰਾਜੀ ਮੁਲਕਾਂ ਨੂੰ ਇਥੋਂ ਦੀ ਜ਼ਮੀਨ , ਕੁਦਰਤੀ ਸਰੋਤ ਅਤੇ ਕਿਰਤ ਸ਼ਕਤੀ ਕੌਡੀਆਂ ਦੇ ਲੁਟਾਉਣ ਲਈ ਮੋਦੀ ਸਰਕਾਰ ਤੋਂ ਕਿਸੇ ਪੱਖੋਂ ਵੀ ਘੱਟ ਨਹੀਂ। ਉਨ੍ਹਾਂ ਆਖਿਆ ਕਿ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਔਰਤਾਂ ਤੇ ਸਮੂਹ ਕਿਰਤੀ ਲੋਕਾਂ ਦੀ ਵੁੱਕਤ ਤੇ ਪੁੱਗਤ ਦੇ ਲਈ 23 ਮਾਰਚ ਦੇ ਸ਼ਹੀਦਾਂ ਦੀ ਸਾਮਰਾਜ ਵਿਰੋਧੀ ਵਿਰਾਸਤ ਨੂੰ ਬੁਲੰਦ ਕਰਨ ਲਈ ਬਰਨਾਲਾ ਵਿਖੇ ਕੀਤੀ ਜਾ ਰਹੀ ਕਾਨਫਰੰਸ ਸ਼ਹੀਦਾਂ ਦੀ ਸੋਚ ਨੂੰ ਅੱਗੇ ਵਧਾਉਣ ਦਾ ਅਹਿਮ ਸੰਦੇਸ਼ ਦੇਵੇਗੀ। ਆਗੂਆਂ ਨੇ ਮੀਟਿੰਗਾਂ ਰਾਹੀਂ 23 ਮਾਰਚ ਨੂੰ ਬਰਨਾਲਾ ਵਿਖੇ ਸਾਮਰਾਜ ਵਿਰੋਧੀ ਕਾਨਫਰੰਸ ’ਚ ਵੱਡੀ ਗਿਣਤੀ ਵਿਚ ਪਹੁੰਚਣ ਦਾ ਸੱਦਾ ਦਿੱਤਾ।